ਜਲੰਧਰ, 2 ਫ਼ਰਵਰੀ (ਸੁਦੇਸ਼) : ਬੀਤੇ 26 ਜਨਵਰੀ ਨੂੰ ਗੁਰਾਇਆ ਵਿਖੇ ਐਨ.ਆਰ.ਆਈ ਮੱਖਣ ਸਿੰਘ ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰਨ ਵਾਲੇ ਸੁਪਾਰੀ ਕਿਲਰ ਗਰੋਹ ਦਾ ਜਲੰਧਰ ਦਿਹਾਤੀ ਦੇ ਸੀ.ਆਈ.ਏ ਸਟਾਫ਼-2 ਦੀ ਪੁਲਿਸ ਨੇ ਪਰਦਾਫਾਸ਼ ਕਰਦਿਆਂ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਗਰੋਹ ਦੇ ਚਾਰ ਹੋਰ ਮੈਂਬਰ ਪੁਲਿਸ ਗ੍ਰਿਫ਼ਤ ਤੋਂ ਬਾਹਰ ਦੱਸੇ ਗਏ ਹਨ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਇਕ ਸਕੋਡਾ ਕਾਰ ਅਤੇ ਸੁਪਾਰੀ ਲਈ ਰਕਮ ਵਿਚੋਂ 30 ਹਜ਼ਾਰ ਰੁਪਏ ਮੁਲਜ਼ਮਾਂ ਪਾਸੋਂ ਬਰਾਮਦ ਕੀਤੇ ਹਨ। ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਐਸ.ਐਸ.ਪੀ ਜਲੰਧਰ (ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਗਣਤੰਤਰਤਾ ਦਿਵਸ ਵਾਲੇ ਦਿਨ ਮਿਤੀ 26-1-2018 ਨੂੰ ਸਵੇਰੇ 6.30 ਵਜੇ ਦੋ ਗੱਡੀਆਂ (ਸਕੋਡਾ ਅਤੇ ਆਲਟੋ ਕਾਰ) ਵਿਚ ਆਏ ਹਥਿਆਰਬੰਦ ਅਣਪਛਾਤੇ ਹਮਲਾਵਰਾਂ ਨੇ ਐਨ.ਆਰ.ਆਈ ਮੱਖਣ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਕੋਟਲੀ ਖੱਖਿਆ ਥਾਣਾ ਗੁਰਾਇਆ ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਮੁਕੱਦਮਾ ਨੰਬਰ 13 ਮਿਤੀ 26-1-2018 ਅ:ਧ 307,25/54/59 ਆਰਮ ਐਕਟ ਭ:ਦ ਥਾਣਾ ਗੁਰਾਇਆ ਦਰਜ ਰਜਿਸਟਰ ਕੀਤਾ ਗਿਆ।