ਜਮੀਨੀ ਵਿਵਾਦ ਦੇ ਚਲਦਿਆਂ ਦੋ ਧਿਰਾਂ 'ਚ ਝਡ਼ਪ, ਲਾਈ ਕਾਰ ਨੂੰ ਅੱਗ

ਖ਼ਬਰਾਂ, ਪੰਜਾਬ

ਮੱਲਾਂਵਾਲਾ : ਅੱਜ ਸ਼ਾਮ ਮੱਲਾਂਵਾਲਾ ਦੇ ਵਾਰਡ ਨੰਬਰ-2 ਵਿਚ ਕੁਝ ਵਿਅਕਤੀਆਂ ਵੱਲੋਂ ਇਕ ਕਾਰ ਨੂੰ ਅੱਗ ਲਾਏ ਅਤੇ ਕੰਧਾਂ ਢਾਹੇ ਜਾਣ ਦੀ ਖਬਰ  ਮਿਲੀ ਹੈ।

ਜਾਣਕਾਰੀ ਅਨੁਸਾਰ ਮੱਲਾਂਵਾਲਾ ਦੇ ਵਾਰਡ-2 ਦੇ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਪਿਛਲੇ ਕੁਝ ਦਿਨਾਂ ਤੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਰਸਤੇ ਦਾ ਝਗਡ਼ਾ ਚੱਲ ਰਿਹਾ ਸੀ, ਜਿਸ ਕਾਰਨ ਅੱਜ ਮੱਲਾਂਵਾਲਾ ਦੀ ਪੁਲਸ ਸਾਡੇ ਘਰ ਦੇ ਮੁਖੀ ਵਿਅਕਤੀ ਰਣਜੀਤ ਸਿੰਘ ਅਤੇ ਨਿਸ਼ਾਨ ਸਿੰਘ, ਜਰਨੈਲ ਸਿੰਘ ਤੇ ਨਛੱਤਰ ਸਿੰਘ ਨੂੰ ਇਹ ਕਹਿ ਕੇ ਆਪਣੇ ਲੈ ਗਈ ਕਿ ਆਓ ਤੁਹਾਡਾ ਰਾਜ਼ੀਨਾਮਾ ਕਰਵਾਉਂਦੇ ਹਾਂ। 

ਪਰਿਵਾਰ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜਿਵੇਂ ਹੀ ਪੁਲਸ ਸਾਡੇ ਬੰਦਿਆਂ ਨੂੰ ਲੈ ਕੇ ਗਈ ਠੀਕ ਉਸੇ ਟਾਈਮ ਪਿੰਡ ਦੇ ਸੁਰਿੰਦਰ ਸਿੰਘ, ਗੁਰਮੁੱਖ ਸਿੰਘ, ਲਖਵਿੰਦਰ ਸਿੰਘ, ਕੁਲਵੰਤ ਸਿੰਘ, ਹੈਪੀ, ਕੁਲਬੀਰ ਸਿੰਘ, ਸੋਨੂੰ, ਗੁਰਮੀਤ ਸਿੰਘ, ਗੁਰਮੇਜ ਸਿੰਘ, ਸਾਹਕਾ, ਜਗੀਰ ਸਿੰਘ ਅਤੇ ਤਕਰੀਬਨ 100 ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਸਾਡੇ ਘਰ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਕਤ ਲੋਕਾਂ ਨੇ ਘਰ ਵਿਚ ਖਡ਼੍ਹੀ ਸਾਡੀ ਕਾਰ ਨੂੰ ਅੱਗ ਲਾ ਕੇ ਸਾਡ਼ ਦਿੱਤਾ ਤੇ ਸਾਡੀਆਂ ਕੰਧਾਂ ਢਾਹ ਦਿੱਤੀਆਂ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਵੱਲੋਂ ਘਰ ਦੀਆਂ ਔਰਤਾਂ ਦੀ ਵੀ ਕੁੱਟ-ਮਾਰ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੱਲਾਂਵਾਲਾ ਦੇ ਮੁਖੀ ਜਸਬੀਰ ਸਿੰਘ ਅਤੇ ਡੀ. ਐੱਸ. ਪੀ. ਜ਼ੀਰਾ ਜਸਪਾਲ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਮੁਲਾਜ਼ਮਾਂ ਵੱਲੋਂ ਪਾਣੀ ਪਾ ਕੇ ਕਾਰ ਨੂੰ ਲੱਗੀ ਅੱਗ ਬੁਝਾਈ ਗਈ। 

ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ

ਇਸ ਸਬੰਧੀ ਦੂਜੀ ਧਿਰ ਦੇ ਸਾਹਕਾ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਅਤੇ ਮੇਰੇ ਸਾਥੀਆਂ 'ਤੇ ਲਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।