ਜਸਟਿਨ ਟਰੂਡੋ ਨੇ ਪਰਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ

ਖ਼ਬਰਾਂ, ਪੰਜਾਬ

ਸੰਗਤਾਂ ਨੇ ਜੈਕਾਰਿਆਂ ਦੀ ਗੂੰਜ 'ਚ ਜਸਟਿਨ ਟਰੂਡੋ ਤੇ ਪਰਵਾਰ ਦਾ ਨਿੱਘਾ ਸਵਾਗਤ ਕੀਤਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਰਵਾਰ ਸਮੇਤ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੜੇ ਅਦਬ ਸਤਿਕਾਰ ਨਾਲ ਮੱਥਾ ਟੇਕਿਆ। ਉਹ ਗੁਰੂ ਘਰ ਲਗਭਗ ਸਵਾ ਘੰਟਾ ਰਹੇ। ਉਨ੍ਹਾਂ ਦੀ ਆਮਦ 'ਤੇ ਸ਼੍ਰੋਮÎਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਅੱਗੇ ਕੀਤਾ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਬੇਟੇ ਨੇ ਸਿਰ ਤੇ ਸਿਰੋਪਾਉ, ਗੋਲ ਮੋਢੇ ਵਾਲਾ ਸੁÎਨਹਿਰੀ ਰੰਗ ਦਾ ਕੁੜਤਾ ਪਜਾਮਾ, ਮਾਂ-ਧੀ ਨੇ ਪੰਜਾਬੀ ਸੂਟ ਪਹਿਨਿਆ ਸੀ। ਉਨ੍ਹਾਂ ਦਾ ਛੋਟਾ ਬੇਟਾ ਬੀਮਾਰ ਹੋਣ ਕਰ ਕੇ ਨਹੀਂ ਆਇਆ। ਸ੍ਰੀ ਦਰਬਾਰ ਸਾਹਿਬ ਪ੍ਰਵੇਸ਼ ਕਰਦਿਆਂ ਹੀ ਸਿੱਖ ਸ਼ਰਧਾਲੂਆਂ ਵਾਂਗ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਦਰਬਾਰ ਸਾਹਿਬ ਪੁੱਜੀ ਸੰਗਤ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਕੇ ਜਸਟਿਨ ਟਰੂਡੋ ਪਰਵਾਰ ਦਾ ਸਵਾਗਤ ਪੰਥਕ ਰਵਾਇਤ ਅਨੁਸਾਰ ਕੀਤਾ, ਅੱਗੋਂ ਦੋਵੇਂ ਹੱਥ ਜੋੜ ਕੇ ਜਸਟਿਨ ਟਰੂਡੋ ਨੇ ਸਮੂਹ ਸੰਗਤ ਅੱਗੇ ਸੀਸ ਝੁਕਾ ਕੇ ਫ਼ਤਿਹ ਦਾ ਜਵਾਬ ਦਿਤਾ। ਦਰਬਾਰ ਸਾਹਿਬ ਪਰਕਰਮਾ ਕਰਦਿਆਂ ਜਸਟਿਨ ਟਰੂਡੋ ਪਰਵਾਰ ਸਮੇਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਗਏ, ਜਿਥੇ ਉਹ ''ਸੰਗਤ ਤੇ ਪੰਗਤ'' ਪ੍ਰਥਾ ਵੇਖ ਕੇ ਬਹੁਤ ਪ੍ਰਭਾਵਤ ਹੋਏ। 

ਟਰੂਡੋ ਤੇ ਉਨ੍ਹਾਂ ਦੀ ਪਤਨੀ ਨੇ ਬੜੀ ਸ਼ਰਧਾ ਉਤਸੁਕਤਾ ਨਾਲ ਲੰਗਰ ਤਿਆਰ ਹੁੰਦਾ ਤੇ ਪ੍ਰਸ਼ਾਦੇ ਪੱਕਦੇ ਵੇਖੇ। ਟਰੂਡੋ ਤੇ ਉਨ੍ਹਾਂ ਦੀ ਪਤਨੀ ਨੇ ਲੰਗਰ ਘਰ ਖ਼ੁਦ ਚਕਲੇ ਵੇਲਣੇ ਤੇ ਰੋਟੀਆਂ ਵੇਲ ਕੇ ਗੁਰੂ ਘਰ ਸੇਵਾ ਕੀਤੀ। ਪ੍ਰਸ਼ਾਦਾ ਛਕ ਰਹੀਆਂ ਸੰਗਤਾਂ ਨੇ ਜਸਟਿਨ ਟਰੂਡੋ ਦਾ ਸਵਾਗਤ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਅੱਗੋਂ ਉਨ੍ਹਾਂ ਵੀ ਫ਼ਤਿਹ ਦਾ ਜਵਾਬ ਬੜੀ ਸ਼ਰਧਾ ਭਾਵਨਾ ਨਾਲ ਦਿਤਾ। ਪ੍ਰਕਰਮਾ ਕਰਦਿਆਂ ਜਸਟਿਨ ਟਰੂਡੋ ਨੇ ਸੰਗਤਾਂ ਨੂੰ ਘੱਟੋ ਘੱਟ 10 ਵਾਰੀ ਦੋਵੇਂ ਹੱਥ ਜੋੜ ਕੇ ਫ਼ਤਿਹ ਬੁਲਾਈ। ਜਸਟਿਨ ਟਰੂਡੋ ਨੇ ਪਰਵਾਰ ਅਤੇ ਕੈਨੇਡਾ ਦੀ ਸਮੂਹ ਸੰਗਤ ਵਲੋਂ ਗੁਰੂ ਘਰ 500 ਰੁਪਏ ਦੇਗ ਭੇਟ ਕੀਤੀ। ਦਰਸ਼ਨੀ ਡਿਉੜੀ ਲੰਘਣ ਸਮੇਂ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਟਰੂਡੋ ਨੇ ਸਰਦਲ ਨੂੰ ਚੁੰਮਿਆ ਤੇ ਸੀਸ ਝੁਕਾਅ ਕੇ ਦਰਬਾਰ ਸਾਹਿਬ ਲਈ ਪ੍ਰਵੇਸ਼ ਕੀਤਾ। ਉਹ ਇਕੱਲੇ ਛੋਟੀ ਲਾਈਨ 'ਚ ਲੱਗੇ ਅਤੇ ਦੂਸਰੇ ਪਾਸੇ ਖੜੀ ਸੰਗਤ ਸੀਸ ਝੁਕਾਅ ਕੇ ਅਤੇ ਦੋਵੇਂ ਹੱਥ ਜੋੜ ਕੇ ਫ਼ਤਿਹ ਬੁਲਾਈ। ਉਨ੍ਹਾਂ ਦੀ ਪਤਨੀ ਤੇ ਬੇਟਾ-ਬੇਟੀ ਨਾਲ ਦੀ ਲਾਈਨ ਰਾਹੀਂ ਮੱਥਾ ਟੇਕਣ ਗਏ। ਗੁਰੂ ਘਰ ਜਸਟਿਨ ਟਰੂਡੋ, ਉਨ੍ਹਾਂ ਦੀ ਪਤਨੀ ਤੇ ਬੱਚਿਆਂ ਬੜੇ ਅਦਬ ਤੇ ਆਮ ਸੰਗਤ ਵਾਂਗ ਮੱਥਾ ਟੇਕਿਆ ਅਤੇ ਦੇਗ ਭੇਂਟ ਕੀਤੀ। ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਸਾਹਿਬ ਵੀ ਭੇਂਟ ਕੀਤਾ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿਤਾ ਅਤੇ ਗਲ 'ਚ ਫੁੱਲਾਂ ਦੇ ਹਾਰ ਪਾਉਣ ਤੋਂ ਇਲਾਵਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਉ ਭੇਂਟ ਕਰ ਕੇ ਸਨਮਾਨ ਕੀਤਾ। ਮੱਥਾ ਟੇਕਣ ਬਾਅਦ ਜਸਟਿਨ ਟਰੂਡੋ ਪਰਵਾਰ ਨੇ ਪ੍ਰਸ਼ਾਦਿ ਲੈਣ ਬਾਅਦ ਉਸ ਵੇਲੇ ਹੀ ਛਕ ਲਿਆ। ਜਸਟਿਨ ਟਰੂਡੋ ਨੇ ਅਕਾਲ ਤਖ਼ਤ ਸਾਹਿਬ ਵਿਖੇ ਥੜਾ ਸਾਹਿਬ 'ਤੇ ਮੱਥਾ ਟੇਕਿਆ। ਦਰਬਾਰ ਸਾਹਿਬ ਵਿਖੇ ਮੁੱਖ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਜਸਟਿਨ ਟਰੂਡੋ ਪਰਵਾਰ ਨੂੰ ਸਿੱਖੀ ਸਿਧਾਂਤ, ਸਿੱਖ ਪ੍ਰੰਪਰਾ, ਵੰਡ ਛਕਣਾ, ਲੰਗਰ ਤੇ ਪੰਗਤ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਮਹੱਤਤਾ ਤੋਂ ਜਾਣੂੰ ਕਰਵਾਇਆ।