ਜਸਟਿਸ ਐਸ.ਐਨ. ਢੀਂਗਰਾ ਦੀ ਅਗਵਾਈ ਵਾਲੀ ਐਸ.ਆਈ.ਟੀ. ਕਰੇਗੀ ਟਾਈਟਲਰ ਕਬੂਲਨਾਮੇ ਦੀ ਜਾਂਚ

ਖ਼ਬਰਾਂ, ਪੰਜਾਬ

ਨਵੀਂ ਦਿੱਲੀ, 17 ਫ਼ਰਵਰੀ (ਅਮਨਦੀਪ ਸਿੰਘ) : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਬਾਰੇ ਹਾਲ 'ਚ ਆਏ ਨਵੇਂ ਖੁਲਾਸਿਆਂ ਦੀ ਜਾਂਚ ਹੁਣ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਰਿਟਾਇਅਰਡ ਜਸਟਿਸ ਐਸ.ਐਨ. ਢੀਂਗਰਾ ਦੀ ਅਗਵਾਈ ਵਾਲੀ ਐਸ.ਆਈ.ਟੀ. ਕਰੇਗੀ। ਇਸ ਗੱਲ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜੀ.ਕੇ. ਨੇ ਦੱਸਿਆ ਕਿ ਟਾਈਟਲਰ ਦੇ ਨਿਜ਼ੀ ਪੰਜਾਬੀ ਚੈਨਲ 'ਤੇ ਆਏ ਇੰਟਰਵਿਊ 'ਚ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਨਾਲ 1 ਨਵੰਬਰ 1984 ਨੂੰ ਦਿੱਲੀ ਦੀ ਸੜਕਾਂ 'ਤੇ ਘੁੰਮਣ ਬਾਰੇ ਸਾਹਮਣੇ ਆਏ ਖੁਲਾਸੇ ਦੀ ਜਾਂਚ ਲਈ ਐਸ.ਆਈ.ਟੀ. ਮੁਖੀ ਨੂੰ ਉਨ੍ਹਾਂ ਦੇ ਵੱਲੋਂ 2 ਫਰਵਰੀ 2018 ਨੂੰ ਪਹਿਲਾ ਪੱਤਰ ਭੇਜਿਆ ਗਿਆ ਸੀ। ਜਦਕਿ 5 ਫਰਵਰੀ 2018 ਨੂੰ ਉਨ੍ਹਾਂ ਨੇ ਟਾਈਟਲਰ ਦੇ 5 ਵੀਡੀਓ ਸਟਿੰਗ ਪ੍ਰੈਸ ਕਾਨਫਰੰਸ ਰਾਹੀਂ ਜਾਰੀ ਕਰਦੇ ਹੋਏ ਉਸਦੇ ਸਬੂਤ ਵੀ ਐਸ.ਆਈ.ਟੀ. ਨੂੰ ਭੇਜੇ ਸਨ।ਜੀ.ਕੇ. ਨੇ ਕਿਹਾ ਕਿ ਐਸ.ਆਈ.ਟੀ. ਨੇ ਦੋਨੋਂ ਹੀ ਮਾਮਲਿਆਂ 'ਚ ਜਾਂਚ ਕਰਨ ਨੂੰ ਪ੍ਰਵਾਨਗੀ ਦੇਣ ਸਬੰਧੀ ਉਨ੍ਹਾਂ ਨੂੰ ਅੱਜ ਜਾਣਕਾਰੀ ਭੇਜੀ ਹੈ।

ਜੀ.ਕੇ. ਨੇ ਦਾਅਵਾ ਕੀਤਾ ਕਿ 31 ਅਕਤੂਬਰ 1984 ਨੂੰ ਰਾਜੀਵ ਗਾਂਧੀ ਨੇ ਏਮਸ ਵਿਖੇ ਕਾਂਗਰਸੀ ਆਗੂਆਂ ਨੂੰ ਸ਼ੋਰ ਪਾ ਕੇ ਕਿਹਾ ਸੀ ਕਿ ਮੇਰੀ ਮਾਂ ਮਰ ਗਈ ਹੈ ਤੇ ਤੁਸੀਂ ਐਥੇ ਖੜੋ ਹੋ। ਇਸਤੋਂ ਬਾਅਦ ਹੀ ਦਿੱਲੀ ਵਿਖੇ ਲੁੱਟਮਾਰ, ਅੱਗਜਨੀ ਅਤੇ ਕਤਲੇਆਮ ਦੀ ਸ਼ੁਰੂਆਤ ਹੋਈ ਸੀ। ਜੋ ਕਿ 3 ਨਵੰਬਰ 1984 ਤਕ ਜਾਰੀ ਰਹੀ। ਜੀ.ਕੇ. ਨੇ ਸਵਾਲ ਕੀਤਾ ਕਿ 31 ਅਕਟੂਬਰ ਸ਼ਾਮ ਨੂੰ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਰਾਜੀਵ ਗਾਂਧੀ 1 ਨਵੰਬਰ ਨੂੰ ਦਿੱਲੀ ਦੀ ਸੜਕਾਂ 'ਤੇ ਬਿਨਾਂ ਸੁਰੱਖਿਆ ਦੇ ਆਪਣੀ ਮਾਂ ਦੀ ਲਾਸ਼ ਘਰ ਰੱਖਕੇ ਸ਼ਾਂਤੀ-ਵਿਵਸਥਾ ਬਣਾਏ ਰੱਖਣ ਲਈ ਦੌਰਾ ਕਰ ਰਹੇ ਸਨ, ਟਾਈਟਲਰ ਦੀ ਇਸ ਗੱਲ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ। ਜੀ.ਕੇ. ਨੇ ਕਿਹਾ ਕਿ ਦੋਨੋਂ ਸੀ.ਡੀ. ਦੀ ਜਾਂਚ ਕੱਲ ਕੜਕੜਡੂਮਾ ਕੋਰਟ ਵੱਲੋਂ ਸੀ.ਬੀ.ਆਈ. ਨੂੰ ਸੌਂਪਣ ਤੋਂ ਬਾਅਦ ਅੱਜ ਐਸ.ਆਈ.ਟੀ. ਵੱਲੋਂ ਮਾਮਲੇ ਸਬੰਧੀ ਵਿਖਾਈ ਗਈ ਗੰਭੀਰਤਾ ਟਾਈਟਲਰ ਨੂੰ ਕਾਨੂੰਨੀ ਰੂਪ 'ਚ ਧਰਤੀ ਹਿਲਣ ਬਾਰੇ ਯਾਦ ਕਰਵਾਏਗੀ ਅਤੇ ਗਾਂਧੀ ਪਰਿਵਾਰ ਦੀ ਸਮੂਲੀਅਤ ਦੇ ਸਬੂਤ ਵੀ ਹੁਣ ਜਨਤਕ ਹੋਣਗੇ।ਇਸ ਮੌਕੇ ਅਕਾਲੀ ਦਲ ਦੇ ਕੌਮੀ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।