ਜਸਟਿਸ ਬੀ.ਐਸ. ਵਾਲੀਆ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਰਤੇ

ਖ਼ਬਰਾਂ, ਪੰਜਾਬ

ਚੰਡੀਗੜ੍ਹ, 6 ਅਕਤੂਬਰ, (ਨੀਲ ਭਲਿੰਦਰ ਸਿੰਘ): ਕਰੀਬ ਪੌਣੇ ਤਿੰਨ ਸਾਲ ਪਹਿਲਾਂ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਗਏ ਜਸਟਿਸ ਬਾਵਾ ਸਿੰਘ ਵਾਲੀਆ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਰਤ ਰਹੇ ਹਨ।  ਜਸਟਿਸ ਵਾਲੀਆ ਆਉਂਦੀ 9 ਅਕਤੂਬਰ ਨੂੰ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜੱਜ ਵਜੋਂ ਹਲਫ਼ ਲੈਣਗੇ। ਉਨ੍ਹਾਂ ਦਾ ਸੰਹੁ ਚੁੱਕ ਸਮਾਗਮ ਸੋਮਵਾਰ ਨੂੰ 3.35 ਵਜੇ ਹਾਈ ਕੋਰਟ ਆਡੀਟੋਰੀਅਮ ਵਿਚ ਹੋਵੇਗਾ। ਫ਼ਰਵਰੀ 2015 'ਚ ਜੰਮੂ ਅਤੇ ਕਸ਼ਮੀਰ ਹਾਈ ਕੋਰਟ 'ਚ ਤਬਾਦਲਾ ਹੋਣ ਤੋਂ ਪਹਿਲਾਂ 25 ਸਤੰਬਰ 2014 ਨੂੰ ਜਸਟਿਸ ਵਾਲੀਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਵਧੀਕ ਜੱਜ ਥਾਪੇ ਗਏ ਸਨ। 28 ਅਗੱਸਤ 1961 ਨੂੰ ਜਲੰਧਰ 'ਚ ਜਨਮੇ ਜਸਟਿਸ ਵਾਲੀਆ 1978 ਵਿਚ ਸੈਂਟ ਜਾਹਨਸ ਹਾਈ ਸਕੂਲ ਚੰਡੀਗੜ੍ਹ ਤੋਂ ਆਈ.ਸੀ.ਐਸ.ਈ. ਕੀਤੀ। 1982 'ਚ ਉਨ੍ਹਾਂ ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਗ੍ਰੇਜੁਏਸ਼ਨ ਦੀ ਡਿਗਰੀ ਹਾਸਲ ਕੀਤੀ ਅਤੇ 1985 ਵਿਚ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐਲ.ਐਲ.ਬੀ. ਕੀਤੀ। 1984 'ਚ ਕਾਨੂੰਨ
ਦੀ ਪੜ੍ਹਾਈ ਦੌਰਾਨ ਉਹ ਪਹਿਲੇ ਨੰਬਰ ਉਤੇ ਆਏ ਜਿਸ ਲਈ ਉਨ੍ਹਾਂ ਨੂੰ ਉਪ-ਕੁਲਪਤੀ ਮੈਰਿਟ ਸਕਾਲਰਸ਼ਿਪ ਦੇ ਨਾਲ-ਨਾਲ ਰਾਏ ਬਹਾਦਰ ਬਦਰੀ ਦਾਸ ਮੈਡਲ ਨਾਲ ਵੀ ਨਿਵਾਜਿਆ ਗਿਆ.
ਜੱਜਾਂ ਦੀ ਗਿਣਤੀ 51, ਪੈਂਡਿੰਗ ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਟੱਪੀ
ਜਸਟਿਸ ਬੀ.ਐਸ. ਵਾਲੀਆ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆ ਜਾਣ ਨਾਲ ਇਥੇ ਜੱਜਾਂ ਦੀ ਗਿਣਤੀ 51 ਹੋ ਜਾਵੇਗੀ। ਜਦਕਿ ਇਸ ਹਾਈ ਕੋਰਟ 'ਚ ਜੱਜਾਂ ਦੀ ਮਨ²ਜ਼ੂਰ ਸਮਰੱਥਾ 85 ਹੈ। ਇਸ ਹਾਈ ਕੋਰਟ ਵਿਚ ਪੈਂਡਿੰਗ ਕੇਸਾਂ ਦੀ ਗਿਣਤੀ ਤਿੰਨ ਲੱਖ ਨੂੰ ਟੱਪ ਚੁੱਕੀ ਹੈ। ਸਾਲ 2011 ਤਕ ਇਥੇ 2 ਲੱਖ 43 ਹਜ਼ਾਰ 666 ਕੇਸ ਪੈਂਡਿੰਗ ਸਨ। ਜੋ ਮਈ 2017 ਤਕ 3 ਲੱਖ 14 ਹਜ਼ਾਰ 870 ਹੋ ਚੁੱਕੀ ਹੈ। ਖ਼²ਾਲੀ ਅਸਾਮੀਆਂ ਵਾਲੇ ਹਾਈ ਕੋਰਟ ਵਜੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੁਲਕ ਤਿੰਨ ਸਿਖਰਲੇ ਹਾਈ ਕੋਰਟ 'ਚ ਸ਼ੁਮਾਰ ਹੋ ਚੁੱਕਾ ਹੈ। ਜੱਜਾਂ ਦੀ ਵੱਧ ਘਾਟ ਵਾਲੇ ਹਾਈ ਕੋਰਟ 'ਚ ਅਲਾਹਾਬਾਦ ਅਤੇ ਮਦਰਾਸ ਵੀ ਸ਼ਾਮਲ ਹਨ।