ਜਵਾਈ ਦੇ ਬਚਾਅ ਵਿਚ ਆਏ ਕੈਪਟਨ ਅਮਰਿੰਦਰ ਸਿੰਘ

ਖ਼ਬਰਾਂ, ਪੰਜਾਬ

ਚੰਡੀਗੜ੍ਹ, 26 ਫ਼ਰਵਰੀ (ਨੀਲ ਭਲਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ਼ ਕਮਰਸ (ਓ.ਬੀ.ਸੀ) ਕੇਸ ਵਿਚ ਉਨ੍ਹਾਂ ਦੇ ਦਾਮਾਦ ਵਿਰੁਧ ਨਿਰਆਧਾਰ ਦੋਸ਼ ਲਾ ਕੇ ਇਸ ਮਾਮਲੇ ਦਾ ਸਿਆਸੀਕਰਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਆਲੋਚਨਾ ਕੀਤੀ ਹੈ।ਉਨ੍ਹਾਂ ਕਿਹਾ ਕਿ ਸਿੰਭੋਲੀ ਸ਼ੂਗਰਜ਼ ਵਿਚ ਉਨ੍ਹਾਂ ਦੇ ਜਵਾਈ ਦੀ ਮਹਿਜ਼ 12.5 ਫ਼ੀ ਸਦੀ ਹਿੱਸੇਦਾਰੀ ਹੈ ਅਤੇ ਉਸ ਨੂੰ ਬਿਨਾਂ ਵਜਾ ਵਿਵਾਦ ਵਿਚ ਲਪੇਟਿਆ ਜਾ ਰਿਹਾ ਹੈ। ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਮੁਤਾਬਕ ਕਥਿਤ ਧੋਖਾਧੜੀ ਜੋ ਇਸ ਕੇਸ ਦਾ ਕੇਂਦਰ ਹੈ, ਬਾਰੇ ਬੈਂਕ ਵਲੋਂ ਡੀ.ਆਰ.ਟੀ ਵਿਚ ਰਿਕਵਰੀ ਸਬੰਧੀ ਕੇਸ ਦਾਇਰ ਕਰਨ ਤੋਂ ਪਹਿਲਾਂ ਇਹ ਅਦਾਲਤੀ ਕਾਰਵਾਈ ਦਾ ਵਿਸ਼ਾ ਸੀ ਜਿਥੇ ਕੰਪਨੀ ਅਤੇ ਓ.ਬੀ.ਸੀ ਦਰਮਿਆਨ ਮਾਮਲਾ ਨਿਪਟ ਗਿਆ ਸੀ ਅਤੇ ਡੀ.ਆਰ.ਟੀ ਲਖਨਊ ਵਲੋਂ 16 ਮਾਰਚ, 2015 ਦੇ ਸਹਿਮਤੀ ਆਦੇਸ਼ ਨੂੰ ਰੀਕਾਰਡ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਆਖਿਆ ਕਿ ਗੁਰਪਾਲ ਸਿੰਘ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹੈ ਜਿਸ ਨੇ ਕਰਜ਼ੇ ਵਿਰੁਧ ਨਿਜੀ ਗਰੰਟੀ ਵਾਲੇ ਕਿਸੇ ਵੀ ਦਸਤਾਵੇਜ਼ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਸੀ ਜਿਸ ਤੋਂ ਬਾਅਦ ਓ.ਬੀ.ਸੀ ਨੂੰ ਮਜਬੂਰਨ 12 ਫ਼ਰਵਰੀ, 2015 ਨੂੰ ਕਰਜ਼ੇ ਨਾਲ ਸਬੰਧਤ ਦਸਤਾਵੇਜ਼ਾਂ ਵਿਚ ਸੋਧ ਕਰਨੀ ਪਈ ਜਿਸ ਨਾਲ ਗਰੰਟੀ ਵਾਲੇ ਦਸਤਾਵੇਜ਼ਾਂ 'ਤੇ ਗੁਰਪਾਲ ਸਿੰਘ ਦੇ ਦਸਤਖ਼ਤਾਂ ਦੀ ਲੋੜ ਖ਼ਤਮ ਹੋ ਗਈ।