ਫ਼ਿਰੋਜਪੁਰ/ਜ਼ੀਰਾ 6 ਸਤੰਬਰ (ਬਲਬੀਰ
ਸਿੰਘ ਜੋਸਨ, ਅੰਗਰੇਜ਼ ਬਰਾੜ, ਹਰਜੀਤ ਸਿੰਘ ਗਿੱਲ) : ਨਹਿਰ ਕਾਲੋਨੀ ਵਿਖੇ ਮੰਗਲਵਾਰ ਰਾਤ
ਨਸ਼ੇ 'ਚ ਟੱਲੀ ਹੋਏ ਇਕ ਨੌਜਵਾਨ ਨੇ ਅਪਣੇ ਸਹੁਰੇ ਘਰ ਦਾਖ਼ਲ ਹੋ ਕੇ ਨੇ ਕਿਰਚ ਨਾਲ ਹਮਲਾ
ਕਰ ਕੇ ਅਪਣੀ ਪਤਨੀ, ਸੱਸ ਅਤੇ ਸਹੁਰੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿਤਾ, ਜਦ ਕਿ
ਅਪਣੇ ਸਾਲੇ ਅਤੇ ਸਾਲੇਹਾਰ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿਤਾ।
ਇਸ ਸਬੰਧੀ ਸਿਵਲ
ਹਸਪਤਾਲ ਜ਼ੀਰਾ ਵਿਖੇ ਜੇਰੇ ਇਲਾਜ ਸਾਹਬ ਸਿੰਘ ਨੇ ਦਸਿਆ ਕਿ ਬੀਤੀ ਰਾਤ ਜਦੋਂ ਉਸ ਦਾ
ਪਰਵਾਰ ਅਪਣੇ ਘਰ 'ਚ ਸੁੱਤਾ ਹੋਇਆ ਸੀ ਤਾਂ ਉਸ ਦਾ ਜੀਜਾ ਕ੍ਰਿਸ਼ਨ ਵਾਸੀ ਪਿੰਡ ਦੁੱਨੇ ਕੇ
ਜ਼ਿਲ੍ਹਾ ਮੋਗਾ ਰਾਤ ਕਰੀਬ 1:30 ਵਜੇ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਗਿਆ। ਉਸ ਦੇ ਸੁੱਤੇ
ਪਏ ਪਰਵਾਰ 'ਤੇ ਕਿਰਚਾਂ ਨਾਲ ਹਮਲਾ ਕਰ ਦਿਤਾ, ਜਿਸ ਦੌਰਾਨ ਉਸ ਦੇ ਪਿਤਾ ਮੰਗਲ ਸਿੰਘ
ਅਤੇ ਮਾਤਾ ਮਹਿੰਦਰ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੀ ਭੈਣ ਰੀਨਾ ਗੰਭੀਰ ਰੂਪ
'ਚ ਜ਼ਖ਼ਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ
ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਫ਼ਰੀਦਕੋਟ ਰੈਫ਼ਰ ਕਰ ਦਿਤਾ, ਜਿਥੇ ਰਸਤੇ 'ਚ
ਉਸ ਦੀ ਵੀ ਮੌਤ ਹੋ ਗਈ ਅਤੇ ਸਾਹਬ ਸਿੰਘ ਤੇ ਉਸ ਦੀ ਪਤਨੀ ਅਮਨ ਕੌਰ ਜ਼ਖ਼ਮੀ ਹੋ ਗਏ।
ਸਾਹਬ
ਸਿੰਘ ਨੇ ਦਸਿਆ ਕਿ ਉਸ ਦੇ ਜੀਜੇ ਕ੍ਰਿਸ਼ਨ ਅਤੇ ਉਸ ਦੀ ਭੈਣ ਵਿਚਕਾਰ ਕੁਝ ਦਿਨ ਪਹਿਲਾਂ
ਮਾਮੂਲੀ ਝਗੜਾ ਹੋ ਗਿਆ ਸੀ, ਜਿਸ ਕਰ ਕੇ ਉਹ ਅਪਣੀ ਭੈਣ ਨੂੰ ਅਪਣੇ ਘਰ ਲੈ ਆਏ ਸਨ। ਇਸ
ਸਬੰਧੀ ਐਸ.ਐਚ.ਓ. ਥਾਣਾ ਸਿਟੀ ਜ਼ੀਰਾ ਇਕਬਾਲ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਮਾਮਲੇ ਦੀ
ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ
ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਕ੍ਰਿਸ਼ਨ ਨੇ ਕਿਰਚ ਨਾਲ ਅਪਣੇ ਖ਼ੁਦ ਨੂੰ ਵੀ ਜ਼ਖ਼ਮੀ
ਕਰ ਲਿਆ, ਜਿਸ ਦਾ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਇਲਾਜ ਚੱਲ ਰਿਹਾ ਹੈ। ਮੁਹੱਲਾ
ਵਾਸੀਆਂ ਨੇ ਦਸਿਆ ਕਿ (ਬਾਕੀ ਸਫ਼ਾ 11 'ਤੇ)
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ
ਕ੍ਰਿਸ਼ਨ ਲਗਭਗ ਡੇਢ ਘੰਟਾ ਮੁਹੱਲੇ 'ਚ ਹੀ ਦਨਦਨਾਉਂਦਾ ਰਿਹਾ ਅਤੇ ਮੁਹੱਲਾ ਵਾਸੀਆਂ ਨੂੰ
ਵੀ ਮੌਤ ਨਾਲ ਖੇਡਣ ਲਈ ਵੰਗਾਰਦਾ ਰਿਹਾ। ਐਸ.ਐਸ.ਪੀ. ਫ਼ਿਰੋਜ਼ਪੁਰ ਗੌਰਵ ਗਰਗ, ਐਸ.ਪੀ.ਡੀ.
ਅਜਮੇਰ ਸਿੰਘ ਬਾਠ, ਡੀ.ਐਸ.ਪੀ. ਜ਼ੀਰਾ ਜਸਪਾਲ ਸਿੰਘ ਢਿਲੋਂ ਨੇ ਘਟਨਾ ਸਥਾਨ ਦਾ ਦੌਰਾ
ਕਰਦਿਆਂ ਪੀੜਤ ਪਰਵਾਰ ਨਾਲ ਹਮਦਰਦੀ ਜਾਹਰ ਕੀਤੀ ਅਤੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦਾ
ਭਰੋਸਾ ਦਿਵਾਇਆ।