ਤਪਾ ਮੰਡੀ: ਇਲਾਕੇ ਭਰ ਵਿਚਲੇ ਭਾਰਤੀ ਖਾਧ ਨਿਗਮ ਅਧੀਨ ਚੱਲਣ ਵਾਲੇ ਸਾਢੇ ਛੇ ਦਰਜਨ ਦੇ ਕਰੀਬ ਚੌਲ ਮਿੱਲਾਂ ਵਿਚਲੇ ਕੁੱਝ ਮਿੱਲ ਮਾਲਕਾਂ ਦੇ ਹੱਥ ਵਿਚ ਸਬੰਧਤ ਖ਼ਰੀਦ ਏਜੰਸੀ ਵਲੋਂ ਜੀਰੀ ਤਬਦੀਲ ਕਰਨ ਦਾ ਨੋਟਿਸ ਪੁੱਜਣ ਲਈ ਤਿਆਰ ਹੈ ਜਿਨ੍ਹਾਂ ਨੇ ਦੋ ਮਹੀਨੇ ਬੀਤਣ ਦੇ ਬਾਵਜੂਦ ਅਪਣੀ ਮਿੱਲ ਅੰਦਰ ਲੱਗੀ ਜੀਰੀ ਵਿਚੋਂ ਅਜੇ ਤਕ ਛੜਾਈ ਕਰ ਕੇ ਐਫ਼.ਸੀ. ਆਈ. ਨੂੰ ਚੌਲ ਨਹੀਂ ਦਿਤੇ।
ਜਾਣਕਾਰੀ ਅਨੁਸਾਰ ਇਲਾਕੇ ਵਿਚਲੇ 78 ਦੇ ਕਰੀਬ ਮਿੱਲ ਮਾਲਕਾਂ ਦੇ ਮਿੱਲਾਂ ਅੰਦਰ ਸਰਕਾਰੀ ਅਤੇ ਵਿਭਾਗੀ ਨੀਤੀਆਂ ਰਾਹੀਂ ਸਰਕਾਰ ਅਤੇ ਵਿਭਾਗ ਦਾ ਕਰੋੜਾਂ ਅਰਬਾਂ ਰੁਪਏ ਦਾ ਝੋਨਾ ਸਟੋਰ ਕੀਤਾ ਹੈ ਜਿਸ ਦੀ ਛੜਾਈ ਕਰ ਕੇ ਮਿੱਲ ਮਾਲਕ ਨੇ ਭਾਰਤੀ ਖਾਧ ਨਿਗਮ ਰਾਹੀਂ ਸਰਕਾਰ ਨੂੰ ਦੇਣਾ ਹੈ ਜਦਕਿ ਉਕਤ ਝੋਨੇ ਦੀ ਛੜਾਈ ਕਰ ਕੇ ਚੌਲ ਵਿਭਾਗ ਰਾਹੀਂ ਸਰਕਾਰ ਤਕ ਦੇਣ ਦੀ ਆਖ਼ਰੀ ਤਾਰੀਕ ਮਾਰਚ ਦੇ ਅੰਤ ਤਕ ਹੁੰਦੀ ਹੈ ਜੋ ਮਿੱਲ ਮਾਲਕਾਂ ਦੇ ਦਬਾਅ ਤੋਂ ਬਾਅਦ ਸਰਕਾਰ ਵਧਾਉਣ ਦਾ ਫ਼ੈਸਲਾ ਅਕਸਰ ਹੀ ਹਰ ਇਕ ਵਾਰ ਕਰਦੀ ਹੈ ਪਰ ਇਸ ਵਾਰ ਮਿੱਲ ਮਾਲਕਾਂ ਅਨੁਸਾਰ ਝੋਨੇ ਵਿਚਲੀ ਵਧੇਰੇ ਨਮੀ ਕਾਰਨ ਜੀਰੀ ਦੀ ਛੜਾਈ ਤੋਂ ਬਾਅਦ ਚੌਲ ਵਿਚਲੀ ਨਮੀ ਘੱਟਣ ਦਾ ਨਾਂਅ ਨਹੀਂ ਲੈ ਰਹੀ। ਜਿਸ ਨੂੰ ਵਿਭਾਗ ਮਨਜ਼ੂਰ ਨਹੀਂ ਕਰ ਰਿਹਾ ਕਿਉਂਕਿ ਉਕਤ ਚੌਲ ਅੰਦਰ 15 ਤੋਂ ਵਧੇਰੇ ਨਮੀ ਹੈ, ਜੋ ਸਮਾਂ ਪੈ ਕੇ ਮਨੁੱਖੀ ਖਾਣਯੋਗ ਨਹੀਂ ਰਹਿੰਦਾ।