ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਜਾਖੜ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗ਼ਜ਼

ਖ਼ਬਰਾਂ, ਪੰਜਾਬ

ਗੁਰਦਾਸਪੁਰ, 22 ਸਤੰਬਰ (ਹੇਮੰਤ ਨੰਦਾ) : ਕÎਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸਿਖਿਆ ਮੰਤਰੀ ਅਰੁਣਾ ਚੌਧਰੀ, ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਆਸ਼ਾ ਕੁਮਾਰੀ ਸਮੇਤ ਹੋਰ ਕਾਂਗਰਸੀ ਨੇਤਾ ਵੀ ਸਨ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਗ਼ੈਰ-ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਅਪਣੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ। ਜਦ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ, ਬਾਜਵਾ ਇਸ ਸਮੇਂ ਦਿੱਲੀ 'ਚ ਹਨ ਅਤੇ ਉਹ ਜਲਦ ਹੀ ਚੋਣ ਪ੍ਰਚਾਰ 'ਚ ਭਾਗ ਲੈਣਗੇ।
ਜਾਖੜ ਕੋਲ ਸਵਾ ਦੋ ਕਰੋੜ ਤੋਂ ਵੱਧ ਦੀ ਜਾਇਦਾਦ
ਸੁਨੀਲ ਜਾਖੜ ਦੀ ਚੱਲ-ਅਚੱਲ ਜਾਇਦਾਦ ਦੀ ਕੀਮਤ 2,25,67188 ਰੁਪਏ ਹੈ ਅਤੇ ਉਨ੍ਹਾਂ ਦੀ ਪਤਨੀ ਸਿਲਵਿਆ ਜਾਖੜ ਦੀ ਚੱਲ-ਅਚੱਲ ਜਾਇਦਾਦ ਦੀ ਕੀਮਤ 11,67,94177 ਰੁਪਏ ਹੈ। ਜਾਖੜ ਕੋਲ ਕੈਸ਼, ਬੈਂਕ ਖਾਤੇ 'ਚ ਜਮ੍ਹਾਂ ਪੈਸੇ, ਫ਼ਿਕਸਡ ਡਿਪਾਜ਼ਿਟ, ਬਾਂਡ ਆਦਿ ਦੀ ਕੀਮਤ 1,69,63663 ਰੁਪਏ ਹੈ। ਉਨ੍ਹਾਂ ਦੀ ਪਤਨੀ ਕੋਲ 85126647 ਰੁਪਏ ਹੈ।