ਪਟਿਆਲਾ, 2 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਯਾਦਵਿੰਦਰਾ ਪਬਲਿਕ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਇਸ ਸਕੂਲ ਤੋਂ ਤਾਲੀਮ ਹਾਸਲ ਕਰ ਚੁੱਕੇ ਪੁਰਾਣੇ ਵਿਦਿਆਰਥੀਆਂ ਨਾਲ ਇਸ ਸੰਸਥਾ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਮੌਕੇ ਕਰਵਾਏ ਸ਼ਾਨਦਾਰ ਸੱਭਿਆਚਾਰਕ ਸਮਾਰੋਹ 'ਚ ਸ਼ਿਰਕਤ ਕੀਤੀ।ਮੁੱਖ ਮੰਤਰੀ ਜਦੋਂ ਉਨ੍ਹਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਸਥਾਪਤ ਕੀਤੇ ਇਸ ਸਕੂਲ ਵਿੱਚ ਪਹੁੰਚੇ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ, ਜੋ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ, ਵੀ ਹਾਜ਼ਰ ਸਨ।ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਅਤੇ ਇਸ ਸਕੂਲ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਰਾਜਾ ਮਾਲਵਿੰਦਰ ਸਿੰਘ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਇਸ ਵੱਕਾਰੀ ਸੰਸਥਾ ਦੀ ਸਥਾਪਨਾ ਉਨ੍ਹਾਂ ਦੇ ਪਿਤਾ ਜੀ ਦੀ ਦੂਰਦ੍ਰਿਸ਼ਟੀ ਨੂੰ ਮੂਰਤੀਮਾਨ
ਕਰਦੀ ਹੈ। ਰਾਜਾ ਮਾਲਵਿੰਦਰ ਸਿੰਘ ਨੇ ਕਿਹਾ ਕਿ ਬੀਤੇ 70 ਵਰ੍ਹਿਆਂ ਵਿੱਚ ਸਕੂਲ ਨੇ ਬਹੁਤ ਲੰਮੀਆਂ ਪੁਲਾਂਘਾਂ ਪੁੱਟ ਲਈਆਂ ਹਨ ਅਤੇ ਅੱਜ ਇਸ ਦਾ ਨਾਮ ਦੇਸ਼ ਦੇ ਮੋਹਰੀ ਸਕੂਲਾਂ 'ਚ ਆਉਂਦਾ ਹੈ ਅਤੇ ਇਹ ਸੰਸਥਾ ਆਪਣੀ ਤਰੱਕੀ ਤੇ ਪ੍ਰਸਿੱਧੀ ਦਾ ਸਫ਼ਰ ਬਾਦਸਤੂਰ ਜਾਰੀ ਰੱਖੇਗੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਡਾ. ਕਰਨ ਸਿੰਘ ਨੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਦੂਰਅੰਦੇਸ਼ੀ ਅਤੇ ਨਾ-ਭੁੱਲਣ ਵਾਲੀ ਮਹਾਨ ਸ਼ਖ਼ਸੀਅਤ ਕਰਾਰ ਦਿੱਤਾ। ਇਸ ਮੌਕੇ ਕਪੂਰਥਲਾ ਰਿਆਸਤ ਦੇ ਰਾਜਾ ਬ੍ਰਿਗੇਡੀਅਰ (ਸੇਵਾ ਮੁਕਤ) ਅਤੇ ਮਹਾਵੀਰ ਚੱਕਰ ਵਿਜੇਤਾ ਸ. ਸੁਖਜੀਤ ਸਿੰਘ ਨੇ ਵਾਈ.ਪੀ.ਐਸ. ਵੱਲੋਂ ਵੱਖ-ਵੱਖ ਖੇਤਰਾਂ 'ਚ ਤਰਾਸ਼ੇ ਅਨਮੋਲ ਰਤਨਾਂ ਲਈ ਸੰਸਥਾ ਦੀ ਭਰਵੀਂ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਣ ਦੀ ਕਲਾ ਅਪਨਾਉਣ ਦੀ ਅਪੀਲ ਕੀਤੀ ਤਾਂ ਕਿ ਉਹ ਆਪਣੇ ਸੁਪਨਿਆਂ ਅਤੇ ਮਿਥੇ ਟੀਚਿਆਂ ਮੁਤਾਬਕ ਪ੍ਰਾਪਤੀਆਂ 'ਤੇ ਪਹੁੰਚ ਸਕਣ।