ਕੈਪਟਨ ਦੀ ਅਗਵਾਈ 'ਚ ਤਰੱਕੀ ਵਲ ਵੱਧ ਰਿਹਾ ਪੰਜਾਬ : ਚੱਬੇਵਾਲ

ਖ਼ਬਰਾਂ, ਪੰਜਾਬ

ਚੰਡੀਗੜ੍ਹ, 6 ਜਨਵਰੀ (ਸ.ਸ.ਸ.) : ਬਾਬਾ ਭਾਗ ਸਿੰਘ ਯੂਨੀਵਰਸਟੀ ਵਿਚ ਕਰਵਾਏ ਜਾ ਰਹੇ ਪੰਜ ਦਿਨਾਂ ਖੇਡ ਟੂਰਨਾਮੈਂਟ ਦੇ ਆਖ਼ਰੀ ਦਿਨ ਇਨਾਮ ਵੰਡ ਸਮਾਰੋਹ ਵਿਚ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਅਕ ਸੰਸਥਾਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸ਼ਰੀਰਕ ਅਤੇ ਮਾਨਸਕ ਸਿਹਤ ਲਈ ਬਹੁਤ ਜ਼ਰੂਰੀ ਹਨ। ਡਾ. ਰਾਜ ਨੇ ਸੰਬੋਧਨ ਕਰਦਿਆਂ ਕਿ ਕੈਪਟਨ ਸਰਕਾਰ ਵਲੋਂ ਸਿਖਿਆ ਦਾ ਮਿਆਰ ਉੱਚਾ ਚੁੱਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣੂ ਕਰਵਾਇਆ ਜਿਵੇਂ ਕਿ ਅੰਗਰੇਰਜ਼ੀ ਭਾਸ਼ਾ ਮੁੱਢਲੀਆਂ ਕਲਾਸਾਂ ਤੋਂ ਸ਼ੁਰੂ ਕਰਵਾਉਣਾ ਪੰਜਾਬ ਬੋਰਡ ਦੇ ਨਤੀਜੇ 15 ਦਿਨਾਂ ਦੇ ਅੰਦਰ ਦੇਣਾ 

ਆਦਿ। ਡਾ. ਰਾਜ ਕੁਮਾਰ ਨੇ ਕੈਪਟਨ ਸਰਕਾਰ ਦੇ ਪਿਛਲੇ 9 ਮਹੀਨਿਆਂ ਦੀਆਂ ਉਪਲਬਧੀਆਂ ਬਾਰੇ ਵੀ ਸਭ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਪਾਵਰ ਸਬਸਿਡੀ ਦੇ ਕੇ ਕਾਰੋਬਾਰ ਨੂੰ ਵਧਾਉਣ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਅਵਸਰ ਵੀ ਵਧਣਗੇ। ਪਰੇਸ਼ਾਨੀ ਮੁਕਤ ਕਣਕ ਅਤੇ ਝੋਨੇ ਦੀ ਖਰੀਦ, ਗੰਨੇ ਦੇ ਸਰਕਾਰੀ ਰੇਟਾ ਵਿਚ ਵਾਧਾ ਕਰਨਾ, ਢਾਈ ਏਕੜ ਤਕ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਦੀ ਪ੍ਰਕਿਰਿਆਂ ਦੀ ਸ਼ੁਰੂਆਤ, ਲੋਕ-ਭਲਾਈ ਸਕੀਮਾਂ ਤੇ ਸਰਵੇ ਦੀ ਸ਼ੁਰੂਆਤ ਅਤੇ ਕਾਨੂੰਨ ਵਿਵਸਥਾ ਵਿਚ ਸੁਧਾਰ ਪੰਜਾਬ ਨੂੰ ਬਿਹਤਰੀ ਵੱਲ ਲੈ ਕੇ ਜਾਣ ਵਾਲੇ ਕਦਮ ਹਨ। ਡਾ. ਰਾਜ ਨੇ ਵਿਸ਼ਵਾਸ ਜਤਾਇਆ ਕਿ ਕੈਪਟਨ ਸਾਹਿਬ ਦੀ ਅਗਵਾਈ ਵਿਚ ਪੰਜਾਬ ਤਰੱਕੀ ਦੀ ਨਵੀਂ ਉਚਾਈਆਂ ਤੇ ਪਹੁੰਚੇਗਾ।