ਕੈਪਟਨ ਲੋਕਾਂ 'ਚ ਜਾ ਕੇ ਹਕੀਕਤਾਂ ਤੋਂ ਜਾਣੂ ਹੋਣ: ਹਰਸਿਮਰਤ

ਖ਼ਬਰਾਂ, ਪੰਜਾਬ

ਬਠਿੰਡਾ 9 ਮਾਰਚ  (ਸੁਖਜਿੰਦਰ ਮਾਨ) :  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੱਡੇ ਹਮਲੇ ਬੋਲਦਿਆਂ ਉਨ੍ਹਾਂ ਨੂੰ ਹਵਾਈ ਝੂਟੇ ਲੈਣ ਦੀ ਬਜ਼ਾਏ ਲੋਕਾਂ 'ਚ ਵਿਚਰ ਕੇ ਹਕੀਕਤਾਂ ਤੋਂ ਜਾਣੂ ਹੋਣ ਦਾ ਸੁਨੇਹਾ ਦਿਤਾ।ਸਥਾਨਕ ਗੁਰੂ ਨਾਨਕ ਦੇਵ ਗਰਲਜ਼ ਕਾਲਜ 'ਚ ਰੱਖੇ ਸਾਲਾਨਾ ਸਮਾਗਮ ਵਿਚ ਹਿੱਸਾ ਲੈਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਦੋਸ਼ ਲਗਾਇਆ ਕਿ ਹੁਣ ਕਾਂਗਰਸ ਸਰਕਾਰ ਦਾ ਦੂਜਾ ਬਜਟ ਆ ਗਿਆ ਹੈ ਪ੍ਰੰਤੂ ਪਿਛਲੇ ਬਜਟ 'ਚ ਕੀਤੇ ਵਾਅਦਿਆਂ ਨੂੰ ਹਾਲੇ ਤਕ ਅਮਲ ਵਿਚ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਖ਼ੁਦ ਵਿਧਾਨ ਸਭਾ 'ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਅੱਜ ਤਕ ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਸੂਬੇ 'ਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਦਿਨੀਂ ਕੀਤੇ ਹਵਾਈ ਦੌਰੇ ਦਾ ਮਖੌਲ ਉਡਾਉਂਦਿਆਂ ਮੁੱਖ ਮੰਤਰੀ ਨੂੰ ਅਫ਼ਸਰਸ਼ਾਹੀ 'ਤੇ ਨਿਰਭਰ ਰਹਿ ਕੇ ਹਵਾਈ ਝੂਟੇ ਲੈਣ ਦੀ ਬਜਾਏ ਲੋਕਾਂ 'ਚ ਰਹਿ ਕੇ ਤਲਖ਼ ਹਕੀਕਤਾਂ ਜਾਣਨ ਲਈ ਕਿਹਾ।

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਨੇ ਕਾਲਜ ਦੇ ਸਾਲਾਨਾ ਸਮਾਗਮ ਨੂੰ ਸੰਬੋਧਤ ਕਰਦਿਆਂ ਲੜਕੀਆਂ ਨੂੰ ਨਾ ਸਿਰਫ਼ ਮੁੰਡਿਆਂ ਦੀ ਹਰ ਖੇਤਰ 'ਚ ਬਰਾਬਰੀ ਕਰਨ, ਬਲਕਿ ਉਨ੍ਹਾਂ ਦੇ ਅੱਗੇ ਨਿਕਲਣ ਲਈ ਪ੍ਰੇਰਤ ਕੀਤਾ। ਉਨ੍ਹਾਂ ਸੂਬੇ 'ਚ ਦਾਜ ਅਤੇ ਭਰੂਣ ਹਤਿਆ ਵਰਗੀਆਂ ਫੈਲੀਆਂ ਸਮਾਜਕ ਬੁਰਾਈਆਂ ਨੂੰ ਵੀ ਖ਼ਤਮ ਕਰਨ ਲਈ ਅੱਗੇ ਆਉਣ ਅਤੇ ਇਕ-ਦੂਜੇ ਦਾ ਸਾਥ ਦੇਣ ਲਈ ਕਿਹਾ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਚਾਕਲੇਟਾਂ ਦੇ ਡੱਬੇ ਵੀ ਵੰਡੇ ਤੇ ਕਾਲਜ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਇਸ ਦੌਰਾਨ ਉਨ੍ਹਾਂ ਨਾਲ ਕਾਲਜ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਸੈਲਜ਼ਾ ਤੋਂ ਇਲਾਵਾ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਮੇਅਰ ਬਲਵੰਤ ਰਾਏ ਨਾਥ, ਯੂਥ ਆਗੂ ਬਲਕਾਰ ਸਿੰਘ ਬਰਾੜ, ਕੋਂਸਲਰ ਦਲਜੀਤ ਸਿੰਘ ਬਰਾੜ, ਹਰਪਾਲ ਸਿੰਘ ਢਿੱਲੋਂ, ਰਜਿੰਦਰ ਸਿੰਘ ਰਾਜੂ ਮਾਨ, ਪਰਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।