ਕੈਪਟਨ ਸਰਕਾਰ ਦੀ ਸਖ਼ਤਾਈ ਤੋਂ ਬਾਅਦ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਪਹਾੜਾਂ ਵਲ ਤੁਰੀਆਂ

ਖ਼ਬਰਾਂ, ਪੰਜਾਬ

ਚੰਡੀਗੜ੍ਹ, 16 ਮਾਰਚ (ਕੁਲਦੀਪ ਸਿੰਘ) : ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਟਰਾਂਸਪੋਰਟ ਦੇ ਮਾਮਲੇ ਵਿਚ ਬਦਾਲਾਂ ਨੂੰ ਘੇਰੇ ਜਾਣ ਅਤੇ ਇਸ ਮਾਮਲੇ ਵਿਚ ਕੀਤੀ ਗਈ ਸਖਤਾਈ ਨੇ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਦਾ ਰੁਖ ਪਹਾੜਾਂ ਵਲ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਕੁਝ ਸਮੇਂ ਦੌਰਾਨ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਨੇ ਬਕਾਇਦਾ ਤੌਰ 'ਤੇ ਹਿਮਾਚਲ ਪ੍ਰਦੇਸ਼ ਦੀਆਂ ਕਈ ਛੋਟੀਆਂ ਮੋਟੀਆਂ ਕੰਪਨੀਆਂ ਦੀ ਖਰੀਦੋ ਫਰੋਖਤ ਕੀਤੀ ਹੈ। ਇਨ੍ਹਾਂ ਕੰਪਨੀਆਂ ਵਿਚ ਇੰਡੋ ਕਨੇਡੀਅਨ ਅਤੇ ਮੈਟਰੋ ਈਕੋ ਗਰੀਨ ਰਿਜ਼ੋਰਟਸ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਵਿਚ ਸਾਬਕਾ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕੇਂਦਰੀ ਮੰਤਰੀ ਪਤਨੀ ਦੇ ਸ਼ੇਅਰ ਹਨ।ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ 'ਤੇ ਕੰਮ ਕਰ ਰਹੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰਾਂ ਦੀਆਂ ਪੋਸਟਾਂ ਹੀ ਇਸੇ ਕਰ ਕੇ ਖ਼ਤਮ ਕੀਤੀਆਂ ਸਨ ਅਤੇ ਨਵੀਂ ਟਰਾਂਸਪੋਰਟ ਨੀਤੀ ਲਿਆਂਦੀ ਹੈ ਤਾਂ ਜੋ ਬਾਦਲਾਂ ਵਲੋਂ ਇਸ ਖਿੱਤੇ ਵਿਚ ਕਾਇਮ ਕੀਤੇ ਗਏ ਏਕਾਧਿਕਾਰ ਨੂੰ ਖ਼ਤਮ ਕੀਤਾ ਜਾ ਸਕੇ। 

ਪੰਜਾਬ ਵਿਚ ਬਹੁਤੇ ਰੂਟਾਂ 'ਤੇ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਬਸਾਂ ਹੀ ਚਲਦੀਆਂ ਵਿਖਾਈ ਦਿੰਦੀਆਂ ਰਹੀਆਂ ਹਨ ਅਤੇ ਇਨ੍ਹਾਂ ਨੂੰ ਵਾਧੂ ਦੇ ਪ੍ਰਾਈਮ ਰੂਟ ਮਿਲੇ ਹੋਏ ਹਨ।ਤਾਜ਼ਾ ਹਲਾਤ ਦਸਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖਾਸ ਤੌਰ 'ਤੇ ਟਰਾਂਸਪੋਰਟ ਦੇ ਮਾਮਲੇ ਵਿਚ ਸਖਤੀ ਕਰਨ ਤੋਂ ਬਾਅਦ ਬਾਦਲਾਂ ਦੀਆਂ ਕੰਪਨੀਆਂ ਨੇ ਪਹਾੜਾਂ ਵਲ ਰੁਖ ਕਰਨਾ ਸ਼ੁਰੂ ਕਰ ਦਿਤਾ ਹੈ। ਹਿਮਾਚਲ ਪ੍ਰਦੇਸ਼ ਵਿਚ ਮੌਜੂਦਾ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਅਕਾਲੀ ਦਲ ਭਾਜਪਾ ਦੀ ਭਾਈਵਾਲ ਪਾਰਟੀ ਹੈ। ਇਸ ਲਈ ਹਿਮਾਚਲ ਪ੍ਰਦੇਸ਼ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਲਈ ਸੁਰੱਖਿਅਤ ਮੰਜਲ ਬਣ ਸਕਦੀ ਹੈ। ਇਹੀ ਕਾਰਨ ਹੈ ਕਿ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਨੇ ਹਿਮਾਚਲ ਪ੍ਰਦੇਸ਼ ਵਿਚ ਵੱਡੇ ਪੱਧਰ 'ਤੇ ਛੋਟੀਆਂ ਮੋਟੀਆਂ ਕੰਪਨੀਆਂ ਦੀ ਖਰੀਦ ਕੀਤੀ ਹੈ।