ਕੈਪਟਨ ਸਰਕਾਰ ਹੁਣ ਤਕ ਦੀ ਸਭ ਤੋਂ ਨਿਕੰਮੀ ਸਰਕਾਰ : ਸੁਖਬੀਰ

ਖ਼ਬਰਾਂ, ਪੰਜਾਬ



ਅਹਿਮਦਗੜ੍ਹ/ਡੇਹਲੋਂ/ਆਲਮਗੀਰ, 6 ਸਤੰਬਰ (ਰਾਮਜੀ ਦਾਸ ਚੌਹਾਨ/ਹਰਜਿੰਦਰ ਸਿੰਘ ਗਰੇਵਾਲ/ ਬੰਟੀ ਚੌਹਾਨ) : ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਅਤੇ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਚੀਜ ਨਜ਼ਰ ਨਹੀਂ ਆ ਰਹੀ, ਜਦਕਿ ਸੂਬੇ ਦਾ ਜਿਥੇ ਵਿਕਾਸ ਰੁਕਿਆ ਪਿਆ ਹੈ, ਉਥੇ ਹੀ ਅਮਨ-ਕਾਨੂੰਨ ਦੀ ਸਥਿਤੀ ਵੀ ਬਹੁਤ ਮਾੜੀ ਹੋਈ ਪਈ ਹੈ। ਕੈਪਟਨ ਸਰਕਾਰ ਹੁਣ ਤਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ।

ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਲੀਡਰ ਅਪਣੀ ਗ਼ਰੀਬੀ ਦੂਰ ਕਰਨ 'ਚ ਲੱਗੇ ਹੋਏ ਹਨ ਅਤੇ ਸਰਕਾਰ ਦੇ ਕੁਝ ਮੰਤਰੀਆਂ ਵਲੋਂ ਸੂਬੇ ਦੇ ਆਮਦਨ ਦੇ ਸਾਧਨਾਂ ਨੂੰ ਅਪਣੇ ਕੰਟਰੋਲ 'ਚ ਕਰ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਸਰਕਾਰ ਵੇਲੇ ਕਦੀ ਵੀ ਬਿਜਲੀ ਨਹੀਂ ਸੀ ਗਈ ਜਦਕਿ ਅਸੀਂ ਵੀ ਖ਼ਜ਼ਾਨਾ ਖ਼ਾਲੀ ਹੋਣ ਦੇ ਬਾਵਜੂਦ ਸੂਬੇ ਨੂੰ ਵਿਕਾਸ ਦੀ ਲੀਹ 'ਤੇ ਲੈ ਕੇ ਆਂਦਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਣੀ ਨੂੰ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੰਜਾਬ 'ਚ ਕਿਤੇ ਵੀ ਵਿਕਾਸ ਕਾਰਜ ਚਲਦਾ ਨਜ਼ਰ ਨਹੀਂ ਆ ਰਿਹਾ। ਸ. ਬਾਦਲ ਨੇ ਕਿਹਾ ਕਿ ਸਾਡੇ ਉਤੇ ਰੇਤੇ ਦੀਆਂ ਖੱਡਾਂ 'ਤੇ ਕਬਜ਼ੇ ਕਰਨ ਦੇ ਦੋਸ਼ ਲਗਾਉਣ ਵਾਲੇ ਕਾਂਗਰੀਆਂ ਦੇ ਰਾਜ ਅੰਦਰ ਅੱਜ ਰੇਤੇ ਦਾ ਟਰੱਕ 40 ਹਜ਼ਾਰ ਦੀ ਮਿਲ ਰਹੀ ਹੈ ਜਦਕਿ ਸਾਡੀ ਸਰਕਾਰ ਸਮੇਂ ਉਹੀ ਟਰੱਕ 10 ਹਜ਼ਾਰ ਦਾ ਮਿਲਦਾ ਸੀ। ਉਨ੍ਹਾਂ ਕਿਹਾ ਕਿ ਰੇਤੇ ਦੀਆਂ ਖੱਡਾਂ 'ਤੇ ਇਸ ਵੇਲੇ ਕਾਂਗਰਸ ਪਾਰਟੀ ਦੇ ਅਹਿਮ ਆਗੂਆਂ ਦਾ ਪੂਰਾ ਕਬਜ਼ਾ ਹੈ, ਜਿਸ ਬਾਰੇ ਸਰਕਾਰ ਨੇ ਚੁੱਪੀ ਵੱਟ ਰੱਖੀ ਹੈ। ਕਾਂਗਰਸ ਦੇ 150 ਦਿਨ ਦੇ ਰਾਜ 'ਚ 180 ਕਿਸਾਨਾਂ ਨੇ ਖੁਦਕੁਸੀ ਕੀਤੀ ਹੈ।

ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਹੋਂਦ 'ਚ ਆਈ ਹੈ ਜੋ ਅਜੇ ਤਕ ਅਪਣਾ ਇਕ ਵੀ ਚੋਣ ਵਾਅਦਾ ਪੂਰਾ ਕਰਨ 'ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਸਾਰੇ ਕਰਜੇ ਮੁਆਫ਼ ਕਰਾਂਗੇ ਅਤੇ ਕੁਰਕੀ ਵਾਲਾ ਕੰਮ ਵੀ ਖ਼ਤਮ ਕਰਾਂਗੇ। ਸਰਕਾਰ ਬਣਨ 'ਤੇ ਨਾ ਹੀ ਕੋਈ ਕਰਜਾ ਮੁਆਫ਼ ਹੋਇਆ ਨਾ ਹੀ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਰੁਕੀਆਂ। ਉਨ੍ਹਾਂ ਕੈਬਨਿਟ   (ਬਾਕੀ ਸਫ਼ਾ 11 'ਤੇ)
ਮੰਤਰੀ ਨਵਜੋਤ ਸਿੰਧੂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿੱਧੂ ਦਾ ਕੋਈ ਦੀਨ ਧਰਮ ਨਹੀਂ ਹੈ ਜਿਥੇ ਉਸ ਨੂੰ ਫ਼ਾਇਦਾ ਦਿਸਦਾ ਉਹ ਉਸੇ ਪਾਸੇ ਨੂੰ ਹੋ ਤੁਰਦਾ, ਜਦਕਿ ਕੁਝ ਸਮੇਂ ਨੂੰ ਉਹ ਕੈਪਟਨ ਸਾਹਿਬ ਨੂੰ ਵੀ ਅੰਗੂਠਾ ਵਿਖਾ ਸਕਦਾ ਹੈ। ਜਿਸ ਨੂੰ ਹੁਣ ਤਕ ਕਾਂਗਰਸ ਪਾਰਟੀ ਮੁੰਨੀ ਨਾਲੋਂ ਬਦਨਾਮ ਦਿਸ ਰਹੀ ਸੀ ਉਹੀ ਪਾਰਟੀ ਦੇ ਉਹ ਅਪਣੇ ਮਤਲਬ ਨੂੰ ਸੋਹਲੇ ਗਾ ਰਿਹਾ ਹੈ। ਜਿਸ ਰਾਹੁਲ ਗਾਂਧੀ ਨੂੰ ਉਹ ਪੱਪੂ ਦਸਦਾ ਸੀ ਹੁਣ ਉਸ ਦੇ ਹੀ ਗੋਡਿਆਂ 'ਚ ਬੈਠਦਾ ਹੈ।

ਇਸ ਮੌਕੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਦੀ ਕਾਨਫ਼ਰੰਸ 'ਚ ਹੋਇਆ ਇਤਿਹਾਸਕ ਇਕੱਠ ਪਿਛਲੇ 10 ਸਾਲਾਂ ਦੌਰਾਨ ਬਾਦਲ ਸਰਕਾਰ ਵਲੋਂ ਕੀਤੇ ਗਏ ਲੋਕ ਪੱਖੀ ਕੰਮਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਅੰਦਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਰਲ ਕੇ ਕੰਮ ਕਰ ਰਹੀਆਂ ਹਨ, ਜਦਕਿ ਉਨ੍ਹਾਂ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਆਏ ਦਿਨ ਨਵੇਂ-ਨਵੇਂ ਤਰੀਕੇ ਲਭੇ ਜਾ ਰਹੇ ਹਨ।

ਇਸ ਮੌਕੇ ਮਨਜਿੰਦਰ ਸਿੰਘ ਸਿਰਸਾ, ਮਹੇਸ਼ਇੰਦਰ ਸਿੰਘ ਗਰੇਵਾਲ ਮੁੱਖ ਬੁਲਾਰਾ ਅਕਾਲੀ ਦਲ,  ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਚਰਨਜੀਤ ਸਿੰਘ ਅਟਵਾਲ, ਰਣਜੀਤ ਸਿੰਘ ਤਲਵੰਡੀ, ਗੁਰਚਰਨ ਸਿੰਘ ਗਰੇਵਾਲ, ਪਰਮਜੀਤ ਸਿੰਘ ਸਿਧਵਾਂ,  ਇਕਬਾਲ ਸਿੰਘ ਝੂੰਦਾਂ, ਹਰਚਰਨ ਸਿੰਘ ਗੋਲਵਾੜੀਆ, ਈਸ਼ਰ ਸਿੰਘ ਮੇਹਰਬਾਨ, ਅਮਰੀਕ ਸਿੰਘ ਆਲੀਵਾਲ, ਹੀਰਾ ਸਿੰਘ ਗਾਬੜੀਆ, ਜਗਜੀਵਨ ਸਿੰਘ ਖੀਰਨੀਆਂ, ਦਰਸ਼ਨ ਸਿੰਘ ਸ਼ਿਵਾਲਿਕ, ਹਰਵੀਰ ਸਿੰਘ ਇਆਲੀ, ਹਰਪ੍ਰੀਤ ਸਿੰਘ ਸ਼ਿਵਾਲਿਕ, ਹਰਬੰਸ ਸਿੰਘ ਗੋਪਾਲਪੁਰ, ਹਰਵਿੰਦਰ ਠਕਰਵਾਲ ਆਦਿ ਹਾਜ਼ਰ ਸਨ।