ਗੁਰਦਾਸਪੁਰ, 15 ਅਕਤੂਬਰ (ਹੇਮੰਤ ਨੰਦਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਤੋਂ ਲੋਕ ਸਭਾ ਦੀ ਉਪ ਚੋਣ ਲਈ ਕਾਂਗਰਸ ਦੀ ਵੱਡੀ ਅਤੇ ਵਿਲੱਖਣ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰਦਿਆਂ ਮੂੰਹਤੋੜ ਜਵਾਬ ਦਿਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਨੀਲ
ਜਾਖੜ ਦੀ ਵੱਡੀ 'ਤੇ ਸ਼ਾਨਦਾਰ ਜਿੱਤ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਲੋਕਾਂ ਨੇ ਭਾਰਤੀ
ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਭ੍ਰਿਸ਼ਟ ਤੇ ਅਨੈਤਿਕ ਸਿਆਸਤ ਨੂੰ ਪੂਰੀ ਤਰ੍ਹਾਂ
ਰੱਦ ਕਰ ਦਿਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਨੂੰ ਜਿਤਾ ਕੇ
ਆਮ ਆਦਮੀ ਪਾਰਟੀ ਦੀਆਂ ਸਿਆਸੀ ਖਾਹਿਸ਼ਾਂ 'ਤੇ ਵੀ ਸਵਾਲੀ ਨਿਸ਼ਾਨ ਲਗਾ ਦਿਤਾ ਹੈ।
ਉਨ੍ਹਾਂ
ਕਿਹਾ ਕਿ ਜਾਖੜ ਦੀ ਜਿੱਤ ਨੇ ਚੋਣ ਮੁਹਿੰਮ ਦੌਰਾਨ ਅਕਾਲੀ ਪ੍ਰਧਾਨ ਵਲੋਂ ਕਾਂਗਰਸ ਦੇ
ਪਿਛਲੇ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ ਕੀਤੇ ਕਾਰਜਾਂ ਨੂੰ ਘਟਾ ਕੇ ਪੇਸ਼ ਕਰਨ ਦੇ
ਯਤਨਾਂ ਨੂੰ ਵੀ ਲੋਕਾਂ ਨੇ ਰੱਦ ਕਰ ਦਿਤਾ ਹੈ।
ਕੈਪਟਨ ਨੇ ਕਿਹਾ ਕਿ ਇਨ੍ਹਾਂ ਚੋਣ
ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਖਾਹਿਸ਼ਾਂ ਦਾ ਵੀ ਅੰਤ ਕਰ ਦਿਤਾ ਹੈ। ਉਨ੍ਹਾਂ
ਕਿਹਾ ਕਿ ਪਠਾਨਕੋਟ ਤੇ ਗੁਰਦਾਸਪੁਰ ਦੇ ਯੂਨਿਟਾਂ ਨੂੰ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ
ਭੰਗ ਕਰਨ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਪਾਰਟੀ ਨੇ ਹਾਰ ਪ੍ਰਵਾਨ ਕਰ ਲਈ ਹੈ ਅਤੇ ਇਸ
ਨੇ ਮੰਨ ਲਿਆ ਹੈ ਕਿ ਇਹ ਸੂਬੇ ਦੇ ਲੋਕਾਂ ਨਾਲ ਸੰਪਰਕ ਬਨਾਉਣ ਲਈ ਪੂਰੀ ਤਰ੍ਹਾਂ ਅਸਫਲ
ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਨੀਵੇਂ ਪੱੱਧਰ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਕਾਂਗਰਸ ਦੇ ਵਿਰੁਧ ਝੂਠਾ ਭੰਡੀ ਪ੍ਰਚਾਰ ਕੀਤਾ। ਇਨ੍ਹਾਂ ਪਾਰਟੀਆਂ ਨੂੰ ਸਸਤੇ ਤੇ ਘਟੀਆ ਦਾਅਪੇਚ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ ਵੀ ਸੱਤਾ ਵਿਚ ਲਿਆਉਣ 'ਚ ਸਫਲ ਨਹੀਂ ਹੋਏ ਸਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਪਾਰਟੀਆਂ ਇਨ੍ਹਾਂ ਤੱਥਾਂ ਤੋਂ ਇਕ ਵਾਰ ਫਿਰ ਸਬਕ ਸਿੱਖਣ ਤੋਂ ਇਨਕਾਰੀ ਰਹੀਆਂ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਦੇ
ਨਤੀਜਿਆਂ ਤੋਂ ਇਕ ਵਾਰ ਫਿਰ ਪ੍ਰਗਟਾਵਾ ਹੋਇਆ ਹੈ ਕਿ ਕਾਂਗਰਸ ਦੇਸ਼ 'ਚ ਮੁੜ ਉਭਾਰ ਦੇ ਰਾਹ
'ਤੇ ਹੈ। ਦੇਸ਼ ਦੀਆਂ ਵੱਖ-ਵੱਖ ਯੂਨੀਵਰਸਟੀਆਂ 'ਚ ਹਾਲ ਹੀ ਵਿਚ ਹੋਈਆਂ ਵਿਦਿਆਰਥੀ ਚੋਣਾਂ
ਅਤੇ ਦੋ ਦਿਨ ਪਹਿਲਾਂ ਮਹਾਰਾਸ਼ਟਰ ਵਿਚ ਨਗਰ ਪਾਲਿਕਾ ਚੋਣਾਂ ਸਪਸ਼ਟ ਸੰਕੇਤ ਦੇ ਰਹੀਆਂ ਹਨ
ਕਿ ਪਾਰਟੀ ਦਾ ਭਵਿੱਖ ਉਜਵਲ ਹੈ। ਹੁਣ ਗੁਰਦਾਸਪੁਰ ਦੀ ਉਪ ਚੋਣ ਨੇ 2019 ਦੀਆਂ ਲੋਕ ਸਭਾ
ਚੋਣਾਂ ਲਈ ਇਨ੍ਹਾਂ ਸੰਭਾਵਨਾਵਾ ਨੂੰ ਹੋਰ ਪੱਕੇ ਪੈਰੀਂ ਕੀਤਾ ਹੈ।