ਚੰਡੀਗੜ੍ਹ, 20 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਅਹੁਦਾ ਵਧਾ ਕੇ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਦੇ ਪ੍ਰਸਤਾਵ ਦਾ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਪੁਨਰ ਸੁਰਜੀਤੀ ਵਾਸਤੇ ਸਹੀ ਦਿਸ਼ਾ ਵਿਚ ਚੁਕਿਆ ਗਿਆ ਹੈ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀਆਂ ਚੋਣਾਂ ਦਾ ਅੱਜ ਐਲਾਨ ਕੀਤਾ ਗਿਆ ਹੈ ਅਤੇ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਮਾਮਲਾ ਪਾਰਟੀ ਵਿਚ ਲੰਮੇ ਸਮੇਂ ਤੋਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਵਾਂਗਡੋਰ ਰਾਹੁਲ ਗਾਂਧੀ ਦੇ ਕਾਬਲ ਹੱਥਾਂ ਵਿਚ ਸੌਂਪਣ ਦਾ ਵੇਲਾ ਆ ਗਿਆ ਹੈ ਜੋ ਅਗਾਮੀ ਸੰਸਦੀ ਚੋਣਾਂ ਵਿਚ ਕਾਂਗਰਸ ਦੀ ਅਗਵਾਈ ਕਰਨ ਦੇ ਸਮਰੱਥ ਹਨ। ਇਕ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਅੱਗੇ ਆਉਣ ਲਈ ਮੌਕਾ ਦੇਣ ਦੇ ਪੂਰੀ ਤਰ੍ਹਾਂ ਹੱਕ ਵਿਚ ਹਨ ਜਿਨ੍ਹਾਂ ਦੇ ਹੱਥਾਂ ਵਿਚ ਪਾਰਟੀ ਅਤੇ ਮੁਲਕ ਦੇ ਭਵਿੱਖ ਦੀ ਤਸਵੀਰ ਘੜੀ ਜਾਣੀ ਹੈ। 'ਪਦਮਾਵਤੀ' ਫ਼ਿਲਮ ਦੇ ਵਿਵਾਦ ਬਾਰੇ ਪੁਛੇ ਸਵਾਲ ਦੇ
ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਇਤਿਹਾਸ ਨਾਲ ਛੇੜਛਾੜ ਕਰਨ ਦਾ ਹੱਕ ਨਹੀਂ ਹੈ। ਕੈਪਟਨ ਨੇ ਕਿਹਾ,''ਮੈਂ ਖ਼ੁਦ ਇਤਿਹਾਸ ਪੜ੍ਹਿਆ ਹੈ ਅਤੇ ਇਥੋਂ ਤਕ ਕਿ ਚਿਤੌੜ ਵੀ ਗਿਆ ਹਾਂ।'' ਉਨ੍ਹਾਂ ਕਿਹਾ ਕਿ ਤੱਥਾਂ ਨਾਲ ਛੇੜਛਾੜ ਹੋਣ ਨਾਲ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਰੋਸ ਜ਼ਾਹਰ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਢੰਗ ਨਾਲ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਯੋਗ ਹਨ। ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਪ੍ਰਕ੍ਰਿਆ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਅਪਣੇ ਜ਼ਿਲ੍ਹਿਆਂ ਦੇ ਯੋਗ ਕਿਸਾਨਾਂ ਦੀਆਂ ਸੂਚੀਆਂ ਸੌਂਪਣ ਦੇ ਹੁਕਮ ਦਿਤੇ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਦਾ ਅਮਲ ਛੇਤੀ ਸ਼ੁਰੂ ਹੋ ਜਾਵੇਗਾ। ਬੀਤੇ ਮਹੀਨੇ ਜਾਰੀ ਹੋਏ ਨੋਟੀਫ਼ੀਕੇਸ਼ਨ ਮੁਤਾਬਕ ਕਰਜ਼ਾ ਮੁਆਫ਼ੀ ਬਾਰੇ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਅਧੀਨ ਲਗਭਗ 10.25 ਲੱਖ ਕਰਜ਼ਾਈ ਪਰਵਾਰਾਂ ਨੂੰ 9500 ਕਰੋੜ ਰੁਪਏ ਦਾ ਲਾਭ ਪਹੁੰਚੇਗਾ।ਇਸ ਨੋਟੀਫ਼ੀਕੇਸ਼ਨ ਮੁਤਾਬਕ 31 ਮਾਰਚ, 2017 ਤਕ ਸਹਿਕਾਰੀ, ਜਨਤਕ ਖੇਤਰ ਅਤੇ ਪ੍ਰਾਈਵੇਟ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਲਾਭ ਪਹੁੰਚੇਗਾ। ਇਸ ਸਕੀਮ ਅਧੀਨ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾਂ ਕਰਵਾ ਚੁੱਕੇ ਕਿਸਾਨ ਵੀ ਇਸ ਦੇ ਲਾਭਪਾਤਰੀ ਹੋਣਗੇ। ਸੂਬਾ ਸਰਕਾਰ ਨੇ ਪੰਜ ਏਕੜ ਤਕ ਦੀ ਮਾਲਕੀ ਵਾਲੇ ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਦੋ ਲੱਖ ਰੁਪਏ ਤਕ ਦਾ ਕਰਜ਼ਾ ਅਤੇ ਬਾਕੀ ਛੋਟੇ ਕਿਸਾਨਾਂ ਲਈ ਕਰਜ਼ੇ ਦੀ ਰਾਸ਼ੀ ਨੂੰ ਵਿਚਾਰੇ ਬਿਨਾਂ ਦੋ ਲੱਖ ਰੁਪਏ ਰਾਹਤ ਦੇਣ ਦਾ ਐਲਾਨ ਕੀਤਾ ਸੀ।