ਕੈਪਟਨ ਵਲੋਂ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ

ਖ਼ਬਰਾਂ, ਪੰਜਾਬ

ਨਵੀਂ ਦਿੱਲੀ, 18 ਜਨਵਰੀ (ਸੁਖਰਾਜ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਤੋਂ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਅੱਜ ਇਥੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਇਹ ਪ੍ਰਗਟਾਵਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਵਲੋਂ 10 ਦਿਨ ਪਹਿਲਾਂ ਦਿਤੇ ਅਸਤੀਫ਼ੇ ਦਾ ਮਾਮਲਾ ਅੱਜ ਰਾਹੁਲ ਗਾਂਧੀ ਨਾਲ ਵਿਚਾਰਿਆ ਗਿਆ ਜਿਸ ਤੋਂ ਬਾਅਦ ਇਸ ਨੂੰ ਪ੍ਰਵਾਨ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਉਪਰੰਤ ਮੁੱਖ ਮੰਤਰੀ ਨੇ ਅਗਲੇਰੀਆਂ ਲੋੜੀਂਦੀਆਂ ਰਸਮਾਂ ਲਈ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਰਾਜਪਾਲ ਨੂੰ ਭੇਜ ਦਿਤਾ। ਰਾਣਾ ਗੁਰਜੀਤ ਸਿੰਘ ਦੇ ਮਹਿਕਮਿਆਂ ਦਾ ਚਾਰਜ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਕੋਲ ਰੱਖ ਲਿਆ। ਅਪਣੇ ਅਸਤੀਫ਼ੇ ਵਿਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਉਹ ਪਿਛਲੇ 10 ਸਾਲਾਂ ਤੋਂ ਅਪਣੇ ਪਰਵਾਰ ਦੇ ਕਾਰੋਬਾਰ ਨਾਲ ਨਹੀਂ ਜੁੜੇ ਹੋਏ ਪਰ ਪਿਛਲੇ ਕੁੱਝ ਮਹੀਨਿਆਂ ਵਿਚ ਛਿੜੇ ਵਿਵਾਦ ਕਾਰਨ ਪਾਰਟੀ ਦੇ ਹਿੱਤ ਵਿਚ ਅਸਤੀਫ਼ਾ ਦੇਣ ਦਾ ਰਾਹ ਚੁਣਿਆ।

 ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਵਲੋਂ ਕੀਤੇ ਚੰਗੇ ਕੰਮਾਂ ਵਿਚ ਉਹ ਰੁਕਾਵਟ ਪੈਣ ਦਾ ਮਸਲਾ ਨਹੀਂ ਖੜਾ ਹੋਣ ਦੇਣਾ ਚਾਹੁੰਦੇ ਜਿਸ ਕਰ ਕੇ ਉਨ੍ਹਾਂ ਨੇ ਅਪਣੀ ਪਾਰਟੀ ਦੇ ਹਿੱਤ ਵਿਚ ਅਸਤੀਫ਼ਾ ਦਿਤਾ। ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਕਾਂਗਰਸ ਦੀ ਪੰਜਾਬ ਇਕਾਈ ਦੇ ਪੁਨਰਗਠਨ ਦਾ ਮਾਮਲਾ ਵੀ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਦਾ ਪੁਨਰਗਠਨ ਵਿਸ਼ੇਸ਼ ਕਰ ਕੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਬਹੁਤ ਛੇਤੀ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਤੋਂ ਮਗਰੋਂ ਕੀਤਾ ਜਾਵੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਮੰਤਰੀ ਮੰਡਲ ਦੇ ਵਿਸਥਾਰ ਲਈ ਪਹਿਲਾਂ ਵਾਂਗ ਹੁਣ ਵੀ ਨਵੇਂ ਮੰਤਰੀਆਂ ਦੀ ਚੋਣ ਲਈ ਨੌਜਵਾਨ ਅਤੇ ਹੁਨਰ ਦੇ ਸੁਮੇਲ ਨੂੰ ਪ੍ਰਮੁੱਖਤਾ ਦਿਤੀ ਜਾਵੇਗੀ।