ਸੰਗਰੂਰ,
29 ਅਗੱਸਤ (ਗੁਰਦਰਸ਼ਨ ਸਿੰਘ ਸਿੱਧੂ) : ਬੀਤੇ ਦਿਨ ਡੇਰੇ ਸਿਰਸਾ ਮੁਖੀ ਗੁਰਮੀਤ ਰਾਮ
ਰਹੀਮ ਨੂੰ ਹੋਈ 20 ਸਾਲ ਦੀ ਸਜ਼ਾ ਅਤੇ ਭਾਰੀ ਜੁਰਮਾਨੇ ਨੇ ਭਾਵੇਂ ਪ੍ਰੇਮੀਆਂ ਦੇ ਪੈਰਾਂ
ਹੇਠੋਂ ਜ਼ਮੀਨ ਹਿਲਾ ਕੇ ਰੱਖ ਦਿਤੀ ਹੈ। ਇਕ ਹਫ਼ਤਾ ਹਰਿਆਣਾ ਅਤੇ ਪੰਜਾਬ ਦੇ ਮਾਲਵਾ ਇਲਾਕੇ
ਵਿਚ ਲਗਭਗ 80-90 ਫ਼ੀ ਸਦੀ ਕਾਰੋਬਾਰ ਠੱਪ ਹੀ ਰਹੇ। ਵਿਦਿਅਕ ਅਦਾਰੇ ਬੰਦ ਹੋਣ ਨਾਲ
ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਹਰ ਧਾਰਮਕ ਗੁਰੂ ਜਾਂ ਵੱਡੇ ਤੋਂ
ਵੱਡਾ ਸਿਆਸੀ ਨੇਤਾ ਬੱਚਿਆਂ ਨੂੰ ਦੇਸ਼ ਦਾ ਆਉਣ ਵਾਲਾ ਭਵਿੱਖ ਦਸਦਾ ਹੈ ਪ੍ਰੰਤੂ ਸੌਧਾ
ਸਾਧ ਅਤੇ ਇਸ ਦੇ ਸ਼ਰਧਾਲੂਆਂ ਨੂੰ ਇਸ ਦਾ ਇਕ ਵਾਰ ਵੀ ਚੇਤਾ ਨਹੀਂ ਆਇਆ ਕਿ ਬੱਚਿਆਂ ਦੀ
ਪੜ੍ਹਾਈ ਖ਼ਰਾਬ ਹੋ ਰਹੀ ਹੈ, ਉਨ੍ਹਾਂ ਨੂੰ ਚਿੰਤਾ ਸੀ ਕਿ ਕਿਵੇਂ ਨਾ ਕਿਵੇਂ ਬਾਬਾ ਬਰੀ ਹੋ
ਜਾਵੇ।
ਡੇਰਾ ਮੁਖੀ ਦੇ ਮੋਹ ਵਿਚ ਭਿੱਜੀ ਹਰਿਆਣਾ ਦੀ ਭਾਜਪਾ ਸਰਕਾਰ ਨੇ ਤਾਂ ਕਿਸੇ
ਵੀ ਕਿਸਮ ਦਾ ਕੋਈ ਰਿਸਕ ਨਹੀਂ ਲਿਆ ਅਤੇ ਦਫਾ 144 ਲੱਗਣ ਦੇ ਬਾਵਜੂਦ ਹਰਿਆਣਾ ਵਿਚ ਲੱਖਾਂ
ਡੇਰਾ ਸ਼ਰਧਾਲੂ ਕਥਿਤ ਤੌਰ 'ਤੇ ਹਥਿਆਰਾਂ ਅਤੇ ਜਲਣਸ਼ੀਲ ਪਦਾਰਥ ਲੈ ਕੇ ਕਿਵੇਂ ਪਹੁੰਚ ਗਏ,
ਇਸ ਦਾ ਰੱਤੀ ਭਰ ਵੀ ਫ਼ਿਕਰ ਨਹੀਂ ਕੀਤਾ ਗਿਆ। ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਡੀ ਜੀ ਪੀ ਪੰਜਾਬ ਪੁਲਿਸ ਨੂੰ ਫੁੱਲ ਪਾਵਰਾਂ ਦੇ ਕੇ ਐਲਾਨ ਕਰ ਦਿਤਾ
ਸੀ ਕਿ ਭਾਵੇਂ ਕੁੱਝ ਵੀ ਕਰਨਾ ਹੋਵੇ ਤੁਹਾਨੂੰ ਖੁੱਲ੍ਹੀ ਛੋਟ ਹੈ ਪਰੰਤੂ ਪੰਜਾਬ ਦਾ
ਮਾਹੌਲ ਖ਼ਰਾਬ ਨਹੀਂ ਹੋਣਾ ਚਾਹੀਦਾ, ਇਸੇ ਕਰ ਕੇ ਸ਼ਾਇਦ ਪੰਜਾਬ ਵਿਚ ਬਹੁਤ ਜ਼ਿਆਦਾ ਬੱਚਤ ਵੀ
ਰਹਿ ਗਈ। ਬਾਜ਼ਾਰ ਖੁੱਲ ਜ਼ਰੂਰ ਗਏ ਹਨ ਪ੍ਰੰਤੂ ਦੁਕਾਨਦਾਰ ਸਾਰਾ ਦਿਨ ਗ੍ਰਾਹਕਾਂ ਵਲ ਟਿਕ
ਟਿਕੀ ਲਗਾ ਕੇ ਦੇਖਦੇ ਹਨ। ਇਸ ਸਬੰਧੀ ਜਦੋਂ ਭਵਾਨੀਗੜ੍ਹ ਅਤੇ ਸੰਗਰੂਰ ਸ਼ਹਿਰ ਦੇ ਕੁੱਝ
ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਰੋਸ ਪ੍ਰਗਟਾਇਆ ਕਿ ਦੁਕਾਨਾਂ ਬੰਦ ਕਰਨ ਲਈ
ਜ਼ਰੂਰ ਕਹਿ ਦਿਤਾ ਗਿਆ ਪਰੰਤੂ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਇਕ ਹਫ਼ਤਾ ਉਨ੍ਹਾਂ ਦਾ
ਗੁਜ਼ਾਰਾ ਕਿਥੋਂ ਹੋਵੇਗਾ।
ਕਹਿਣੀ ਤੇ ਕਰਨੀ ਵਿਚ ਫ਼ਰਕ: ਅੱਜ ਸੌਦਾ ਸਾਧ ਦਾ ਇਕ ਵੀਡੀਉ
ਸੁਣਨ ਨੂੰ ਮਿਲਿਆ ਜਿਸ ਵਿਚ ਉਹ ਨੌਜਵਾਨਾਂ ਨੂੰ ਸੰਦੇਸ਼ ਦੇ ਰਹੇ ਹਨ ਕਿ ਜੇਕਰ ਤੁਹਾਡੇ
ਵਿਚ ਜ਼ਿਆਦਾ ਮਰਦਾਨਗੀ ਹੈ ਤਾਂ ਮਾਤਾ-ਭੈਣਾਂ ਦੀ ਇੱਜ਼ਤ ਬਚਾਉ, ਉਸ ਨੂੰ ਅਸਲੀ ਮਰਦ ਕਿਹਾ
ਜਾਂਦਾ ਹੈ। ਇੱਜ਼ਤ ਲੁੱਟਣ ਵਾਲੇ ਨੂੰ ਮਰਦ ਨਹੀਂ ਕਾਇਰਤਾ ਦੇ ਨਾਮ ਨਾਲ ਪੁਕਾਰਿਆ ਜਾਂਦਾ
ਹੈ। ਇੱਜ਼ਤ ਬਚਾਉਣ ਵਾਲਾ ਅਸਲੀ ਮਰਦ ਅਤੇ ਇੱਜ਼ਤ ਲੁੱਟਣ ਵਾਲਾ ਕਾਇਰ ਅਤੇ ਰਾਖਸ਼ ਸਮਝਿਆ
ਜਾਂਦਾ ਹੈ।
ਮਹਿਲਾ ਬਾਬੇ ਵੀ ਨਹੀਂ ਰਹੇ ਪਿੱਛੇ: ਕਹਿੰਦੇ ਨੇ ਔਰਤਾਂ ਵੀ ਮਰਦਾਂ ਤੋਂ
ਹੁਣ ਘੱਟ ਨਹੀਂ, ਕੰਮ ਭਾਵੇਂ ਕੋਈ ਵੀ ਹੋਵੇ। ਇਸੇ ਕਤਾਰ ਵਿਚ ਬਾਬਿਆਂ ਦੇ ਨਾਲ ਨਾਲ
ਬੀਬੀਆਂ ਵੀ ਪੂਰੀ ਤਰ੍ਹਾਂ ਸਰਗਰਮ ਹੋ ਰਹੀਆਂ ਹਨ। ਬੀਬੀਆਂ ਦੀ ਦੁਨੀਆਂ ਵਿਚ ਅਹਿਮ ਨਾਮ
ਜੋ ਪੂਰੇ ਦੇਸ਼ ਵਿਚ ਚਮਕਿਆ ਉਹ ਹੈ 'ਰਾਧੇ ਮਾਂ'। ਰਾਧੇ ਮਾਂ ਦਾ ਪਿਛੋਕੜ ਭਾਵੇਂ ਪੰਜਾਬ
ਦਾ ਹੈ ਪਰੰਤੂ ਉਹ ਸੁਰਖੀਆਂ ਦਾ ਸ਼ਿੰਗਾਰ ਬਣੀ ਮੁੰਬਈ ਵਿਚ
ਜਾ ਕੇ ਜਿਸ ਉਪਰ 2015
ਵਿਚ ਦੋਸ਼ ਲੱਗਿਆ ਸੀ ਕਿ ਉਹ ਅਪਣੇ ਹੀ ਇਕ ਭਗਤ ਨੂੰ ਸਹੁਰਿਆਂ ਤੋਂ ਦਾਜ ਲੈਣ ਲਈ ਉਕਸਾਅ
ਰਹੀ ਸੀ। ਫ਼ਿਲਮੀ ਦੁਨੀਆਂ ਨਾਲ ਸਬੰਧਤ 'ਡਾਲੀ ਬਿੰਦਰਾ' ਨੇ ਰਾਧੇ ਮਾਂ ਉਪਰ ਦੋਸ਼ ਲਗਾਏ ਸਨ
ਉਹ ਉਸ ਨੂੰ ਨਾਜਾਇਜ਼ ਸਬੰਧ ਬਣਾਉਣ ਲਈ ਮਜਬੂਰ ਕਰ ਰਹੀ ਹੈ।
ਸੂਰਤ ਸ਼ਹਿਰ ਦੀ ਸਾਧਵੀ
ਪ੍ਰਗਿਆ ਸਿੰਘ ਠਾਕੁਰ ਜਿਸ ਨੂੰ ਮਾਲੇਗਾਓ ਬੰਬ ਧਮਾਕੇ ਵਿਚ ਮੁੱਖ ਦੋਸ਼ੀ ਦੇ ਰੂਪ ਵਿਚ
ਗ੍ਰਿਫ਼ਤਾਰ ਕੀਤਾ ਗਿਆ। ਲੋਕ ਭਾਵੇਂ ਉਸ ਨੂੰ ਅਪਣਾ ਭਗਵਾਨ ਸਮਝਦੇ ਹਨ ਪਰੰਤੂ ਉਸ ਦੀ ਅਸਲੀ
ਤਸਵੀਰ ਬੰਬ ਧਮਾਕੇ ਤੋਂ ਬਾਅਦ ਦੁਨੀਆਂ ਦੇ ਸਾਹਮਣੇ ਆ ਗਈ। ਅਨੇਕਾਂ ਬਾਬੇ ਅਤੇ ਬੀਬੀਆਂ
ਹਨ ਜੋ ਲੋਕਾਂ ਦੀ ਗ਼ਰੀਬੀ, ਬੀਮਾਰੀ ਅਤੇ ਧਰਮ ਦੀ ਆੜ ਵਿਚ ਲੁੱਟ ਕਰਦੇ ਹਨ। ਸਰਕਾਰਾਂ ਨੂੰ
ਚਾਹੀਦਾ ਹੈ ਕਿ ਅਜਿਹੇ ਪਾਖੰਡੀਆਂ ਨੂੰ ਡੇਰਾ ਚਲਾਉਣ ਤੋਂ ਪਹਿਲਾਂ ਹੀ ਦਬੋਚਿਆ ਜਾਵੇ।
ਪਰ ਦੁੱਖ ਦੀ ਗੱਲ ਹੈ ਕਿ ''ਰਾਣੀ ਨੂੰ ਕੌਣ ਕਹੇ ਅੱਗਾ ਢੱਕ''। ਸਰਕਾਰਾਂ ਦੀ ਸ਼ਹਿ ਨਾਲ
ਹੀ ਡੇਰੇ ਪਨਪਦੇ ਹਨ ਜੋ ਅਖ਼ੀਰ ਜਾ ਕੇ ਸਰਕਾਰ ਦੇ ਹੀ ਗਲੇ ਦੀ ਹੱਡੀ ਬਣਦੇ ਹਨ।