ਪਠਾਨਕੋਟ/ਗੁਰਦਾਸਪੁਰ,
28 ਸਤੰਬਰ (ਹੇਮੰਤ ਨੰਦਾ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੇਸ਼
ਦੀ ਹੋਈ ਦੁਰਦਸ਼ਾ ਲਈ 70 ਸਾਲਾਂ ਤੋਂ ਰਾਜ ਕਰਦੀਆਂ ਆ ਰਹੀਆਂ ਕਾਂਗਰਸ ਅਤੇ ਬੀਜੇਪੀ
ਸਰਕਾਰਾਂ ਜ਼ਿੰਮੇਵਾਰ ਹਨ। ਇਨ੍ਹਾਂ ਦੋਵਾਂ ਪਾਰਟੀਆਂ ਨੇ ਲੋਕਾਂ ਦੀਆਂ ਮੁਢਲੀਆਂ
ਸਮੱਸਿਆਵਾਂ ਦਾ ਹੱਲ ਕਢਣ ਦੀ ਬਜਾਏ ਭ੍ਰਿਸ਼ਟਾਚਾਰ ਰਾਹੀਂ ਦੇਸ਼ ਨੂੰ ਲੁੱਟਿਆ ਹੈ।
ਪਾਰਟੀ
ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਜੱਦੀ ਪਿੰਡ ਬੁੰਗਲ ਵਿਚ ਹਾਊਸਿੰਗ ਬੋਰਡ
ਕਲੋਨੀ ਵਿਖੇ ਬੀਤੀ ਰਾਜ ਇਕ ਪ੍ਰਭਾਵਸ਼ਾਲੀ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ
ਕਿਹਾ ਕਿ ਜਿਥੇ ਮੋਦੀ ਸਰਕਾਰ ਵਲੋਂ ਦੇਸ਼ ਦੇ ਵੱਡੇ 10 ਘਰਾਣਿਆਂ ਨੂੰ 8.45 ਲੱਖ ਕਰੋੜ
ਦੇ ਖੜੇ ਕਰਜ਼ਿਆਂ ਦੀ ਛੋਟ ਦਿਤੀ ਹੋਈ ਹੈ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ
ਵਿਰੁਧ ਸਿਰਫ਼ 1 ਲੱਖ ਕਰੋੜ ਦੇ ਕਰਜ਼ੇ ਮੁਆਫ਼ ਕਰਨ ਲਈ ਧਿਆਨ ਨਹੀਂ ਦਿਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਵਧਾ ਕੇ ਗ਼ਰੀਬ ਲੋਕਾਂ ਦਾ ਜੀਨਾ ਹਰਾਮ ਕਰ
ਦਿਤਾ ਹੈ ਅਤੇ ਸਮੁੱਚੇ ਵਿਸ਼ਵ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹੋਣ ਦੇ ਬਾਵਜੂਦ
ਪਟਰੌਲ 80 ਰੁਪਏ ਲੀਟਰ ਦੇ ਕਰੀਬ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ
ਚੋਣਾਂ ਦੌਰਾਨ ਕੀਤੇ ਅੱਛੇ ਦਿਨ, ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਰੋਜ਼ਗਾਰ ਦੇਣ ਦੇ ਸਾਰੇ
ਵਾਅਦੇ ਝੂਠੇ ਸਾਬਤ ਹੋਏ ਹਨ ਅਤੇ ਅੱਜ ਲੋਕਾਂ ਵਿਚ ਬੀਜੇਪੀ ਵਿਰੁਧ ਭਾਰੀ ਗੁੱਸਾ ਹੈ।
ਮਾਨ
ਨੇ ਕਿਹਾ ਕਿ ਸਰਕਾਰਾਂ ਦੇ ਮੁਢਲਾ ਕੰਮ ਚੰਗੀ ਸਿਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ
ਦਾ ਹੁੰਦਾ ਹੈ ਪਰੰਤੂ ਇਨ੍ਹਾਂ ਪਾਰਟੀਆਂ ਨੇ 70 ਸਾਲਾਂ ਵਿਚ ਸਿਖਿਆ ਅਤੇ ਸਿਹਤ ਦੀਆਂ
ਸਹੂਲਤਾਂ ਵਲ ਉੱਕਾ ਹੀ ਧਿਆਨ ਨਹੀਂ ਦਿਤਾ ਅਤੇ ਗ਼ਰੀਬ ਪਰਵਾਰਾਂ ਦੇ ਬੱਚੇ ਚੰਗੀ ਸਿਖਿਆ
ਲੈਣ ਤੋਂ ਵਾਂਝੇ ਰਹਿ ਗਏ ਹਨ ਅਤੇ ਬੀਮਾਰੀਆਂ 'ਤੇ ਭਾਰੀ ਖ਼ਰਚ ਕਰਨ ਲਈ ਮਜਬੂਰ ਹਨ। 'ਆਪ'
ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਵਾਅਦਿਆਂ ਤੋਂ ਮੁਕਰ ਜਾਣ 'ਤੇ
ਸਖ਼ਤ ਹਮਲਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਸਿਰਫ਼ ਪੱਗਾਂ ਹੀ ਬਦਲੀਆਂ ਪਰੰਤੂ ਮਾਫ਼ੀਆ
ਅਤੇ ਗੁੰਡਾ ਟੈਕਸ ਰਾਹੀਂ ਲੋਕਾਂ ਦੀ ਲੁੱਟ ਪਹਿਲਾਂ ਨਾਲੋਂ ਵੱਧ ਚੁੱਕੀ ਹੈ। ਉਨ੍ਹਾਂ
ਕਿਹਾ ਕਿ ਪਿਛਲੀ 6 ਮਹੀਨੇ ਦੌਰਾਨ 200 ਤੋਂ ਵੱਧ ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀ ਕਰ ਚੁਕੇ
ਹਨ ਅਤੇ ਨੌਜਵਾਨ ਰੋਜ਼ਗਾਰ ਦੀ ਭਾਲ ਵਿਚ ਦੂਜੇ ਦੇਸ਼ਾਂ ਵਲ ਭੱਜਣ ਲਈ ਮਜਬੂਰ ਹਨ। ਉਨ੍ਹਾਂ
ਕਿਹਾ ਕਿ ਕੈਪਟਨ ਵਲੋਂ ਕੀਤੇ ਵਾਅਦੇ ਅਨੁਸਾਰ ਬੁਢਾਪਾ ਪੈਨਸ਼ਨਾਂ, ਬੇਰੁਜ਼ਗਾਰੀ ਭੱਤਾ ਅਤੇ
ਸਮਾਰਟ ਫ਼ੋਨ ਨੂੰ ਅੱਜ ਵੀ ਲੋਕ ਉਡੀਕ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ
ਬੀਜੇਪੀ ਨੇ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਅਬੋਹਰ ਅਤੇ ਮੁੰਬਈ ਤੋਂ ਲਿਆ ਕੇ ਅਮੀਰ
ਉਮੀਦਵਾਰ ਉਤਾਰੇ ਹਨ, ਜਿਨ੍ਹਾਂ ਦਾ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ
ਨਹੀਂ ਹੈ। ਜਦਕਿ ਆਮ ਆਦਮੀ ਪਾਰਟੀ ਨੇ ਇਕ ਸ਼ਾਨਦਾਰ ਅਕਸ ਵਾਲੇ ਇਮਾਨਦਾਰ ਅਤੇ ਸਥਾਨਕ
ਸੈਨਿਕ ਨੂੰ ਅਪਣਾ ਉਮੀਦਵਾਰ ਬਣਾਇਆ ਹੈ ਜੋ ਕਿ ਹਮੇਸ਼ਾ ਦੁੱਖ-ਸੁੱਖ ਵਿਚ ਲੋਕਾਂ ਨਾਲ
ਖੜੇਗਾ ਅਤੇ ਹਲਕੇ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਯਤਨਸ਼ੀਲ ਰਹੇਗਾ। ਉਨ੍ਹਾਂ
ਵੋਟਰਾਂ ਨੂੰ ਕਿਹਾ ਕਿ ਉਹ ਅਪਣਾ ਗੁੱਸਾ ਜ਼ਾਹਰ ਕਰਨ ਲਈ ਇਸ ਸੁਨਹਿਰੀ ਮੌਕੇ ਦਾ ਲਾਭ
ਉਠਾਉਣ ਅਤੇ ਦੇਸ਼ ਨੂੰ ਲੁੱਟਣ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਉਣ।
ਜਨ ਸਭਾ ਨੂੰ
ਸੰਬੋਧਨ ਕਰਦਿਆਂ ਆਪ ਉਮੀਦਵਾਰ ਜਨਰਲ ਖਜੂਰੀਆ ਨੇ ਕਿਹਾ ਕਿ ਉਹ ਗੁਰਦਾਸਪੁਰ ਹਲਕੇ ਦੇ
ਜੰਮਪਲ ਅਤੇ ਬਾਸ਼ਿੰਦੇ ਹਨ ਅਤੇ ਚੋਣ ਜਿੱਤ ਕੇ ਵੀ ਇਸੇ ਹਲਕੇ ਵਿਚ ਰਹਿੰਦੇ ਹੋਏ ਸਾਰੀਆਂ
ਸਮੱਸਿਆਵਾਂ ਦਾ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ। ਚੋਣ ਸਭਾ ਨੂੰ ਹੋਰਨਾਂ ਤੋਂ ਇਲਾਵਾ ਉਪ
ਵਿਰੋਧੀ ਧਿਰ ਦੀ ਨੇਤਾ ਸਰਵਜੀਤ ਕੌਰ ਮਾਣੂਕੇ, ਵਿਧਾਇਕ ਨਜਰ ਸਿੰਘ ਮਾਨਸ਼ਾਹਿਆ, ਦਵਿੰਦਰ
ਕੁਮਾਰ ਭੱਲਾ, ਦੇਵ ਮਾਨ ਅਤੇ ਡਾ. ਬਲਬੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।