ਫਿਲੌਰ, 1 ਮਾਰਚ (ਰਾਜ) : ਕਾਂਗਰਸ ਦੇ ਰਾਜ ਵਿਚ ਕਾਂਗਰਸੀਆਂ ਵਲੋਂ ਅੱਜ ਇਥੇ ਥਾਣੇ ਸਾਹਮਣੇ ਰੋਸ ਧਰਨਾ ਦਿਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਗੋਇਲ ਨੇ ਦਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਕੁੱਝ ਵਿਅਕਤੀ ਦਾਣਾ ਮੰਡੀ ਫਿਲੌਰ 'ਚ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰਨ ਲੱਗੇ ਅਤੇ ਗੰਦੀਆਂ ਗਾਲਾਂ ਕੱਢਣ ਲੱਗੇ। ਪ੍ਰਧਾਨ ਗੋਇਲ ਨੇ ਦਸਿਆ ਕਿ ਉਸ ਨੇ ਉਸੇ ਵੇਲੇ ਐਸ.ਐਚ.ਓ. ਫਿਲੌਰ ਨੂੰ ਫ਼ੋਨ ਕੀਤਾ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ, ਉਸ ਨੇ ਡੀ.ਐਸ.ਪੀ. ਫਿਲੌਰ ਨੂੰ ਫ਼ੋਨ ਕੀਤਾ ਪਰ ਉਸ ਨੇ ਵੀ ਫ਼ੋਨ ਨਹੀਂ ਚੁੱਕਿਆ। ਅਖ਼ੀਰ ਉਸ ਨੇ ਥਾਣੇ ਫ਼ੋਨ ਕੀਤਾ ਤਾਂ ਥਾਣੇ ਤੋਂ 2 ਕਰਮਚਾਰੀ ਮੌਕੇ 'ਤੇ ਪਹੁੰਚੇ ਪਰ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵੀ ਉਕਤ ਵਿਅਕਤੀ ਗੁੰਡਾਗਰਦੀ ਕਰਦੇ ਰਹੇ ਅਤੇ ਉਸ ਨੂੰ ਧਮਕੀਆਂ ਦਿੰਦੇ ਰਹੇ। ਗੋਇਲ ਨੇ ਦਸਿਆ ਕਿ ਉਨ੍ਹਾਂ ਨੇ ਉਕਤ ਵਿਅਕਤੀਆਂ ਦੀ ਫ਼ੋਨ 'ਤੇ ਮੂਵੀ ਬਣਾ ਕੇ ਸਵੇਰੇ ਅਪਣੇ ਸਾਰੇ ਸਹਿਯੋਗੀਆਂ ਅਤੇ ਮੀਡੀਆ ਨੂੰ ਦਿਖਾਈ। ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਦਸਿਆ ਕਿ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਹੀ ਨਹੀਂ ਸੁਣੀ, ਟਾਲ ਮਟੋਲ ਕਰਦੀ ਰਹੀ ਅਤੇ ਬਣਦੀ ਕਾਰਵਾਈ ਵੀ ਨਹੀਂ ਕੀਤੀ। ਅਖ਼ੀਰ ਉਨ੍ਹਾਂ ਨੇ ਮਜ਼ਬੂਰ ਹੋ ਕੇ ਅਪਣੇ ਸਾਥੀਆਂ ਨੂੰ ਨਾਲ ਲੈ ਕੇ ਥਾਣੇ ਦੇ ਬਾਹਰ ਰੋਸ ਧਰਨੇ 'ਤੇ ਬੈਠੇ ਹਨ।
ਐਸ.ਐਚ.ਓ. ਜਸਵਿੰਦਰ ਸਿੰਘ ਨੇ ਮੌਕੇ ਪਹੁੰਚ ਕੇ ਧਰਨਾਕਾਰੀਆਂ ਨੂੰ ਕਿਹਾ ਕਿ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ, ਉਨ੍ਹਾਂ ਨੇ ਇਕ ਦੋਸ਼ੀ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ, ਬਾਕੀ ਵੀ ਫੜੇ ਜਾਣਗੇ ਪਰ ਆਪਣੀ ਸਰਕਾਰ ਵਿਚ ਧਰਨਾ ਲਾਉਣਾ ਉਨ੍ਹਾਂ ਨੂੰ ਸ਼ੋਭਦਾ ਨਹੀਂ ਦਿੰਦਾ।