ਕਾਂਗਰਸ ਪਾਰਟੀ ਇੰਦਰਾ ਗਾਂਧੀ ਦਾ ਬੁੱਤ ਪੰਜਾਬ 'ਚ ਲਾਉਣ ਤੋਂ ਗੁਰੇਜ਼ ਕਰੇ : ਅਕਾਲੀ ਦਲ

ਖ਼ਬਰਾਂ, ਪੰਜਾਬ

ਚੰਡੀਗੜ੍ਹ, 29 ਅਕਤੂਬਰ (ਨੀਲ ਭਲਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 33ਵੀਂ ਬਰਸੀ ਮੌਕੇ ਭਲਕੇ ਉਸ ਦਾ ਬੁੱਤ ਪੰਜਾਬ ਵਿਚ ਆਉਣ ਤੋਂ ਗੁਰੇਜ਼ ਕਰੇ ਕਿਉਂਕਿ ਕਾਂਗਰਸ ਪਾਰਟੀ ਦੀ ਇਹ ਕਾਰਵਾਈ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਬਰਾਬਰ ਹੋਵੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਨੇਤਾ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਕਾਂਗਰਸ ਪਾਰਟੀਆਂ ਦੀਆਂ ਬਜਰ ਗ਼ਲਤੀਆਂ ਦੀ ਕਾਫੀ ਸਜ਼ਾ ਭੁਗਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖਾਂ ਨੇ ਵੀ ਕਾਂਗਰਸ ਪਾਰਟੀ ਦੇ ਹੱਥੋਂ ਵੱਡਾ ਸੰਤਾਪ ਹੰਢਾਇਆ ਹੈ ਅਤੇ ਜੇਕਰ ਹੁਣ ਉਹ ਪੰਜਾਬ ਵਿਚ ਇੰਦਰਾ ਗਾਂਧੀ ਦਾ ਬੁੱਤ ਲਾਉਂਦੇ ਹਨ ਤਾਂ ਇਸ ਦਾ ਮਤਲਬ ਸਿੱਖ ਭਾਈਚਾਰੇ ਦੇ ਜ਼ਖ਼ਮਾਂ 'ਤੇ ਲੂਣ ਛਿੜਕਣਾ ਹੋਵੇਗਾ ਕਿਉਂਕਿ ਪੰਜਾਬ ਖ²ਾਸ ਤੌਰ 'ਤੇ ਸਿੱਖ ਭਾਈਚਾਰੇ ਨੇ ਇੰਦਰਾ ਗਾਂਧੀ ਕਾਰਨ ਬਹੁਤ ਨੁਕਸਾਨ ਉਠਾਇਆ ਹੈ।

ਸ੍ਰੀ ਵਲਟੋਹਾ ਨੇ ਕਿਹਾ ਕਿ  ਸਿੱਖ ਕਦੇ ਵੀ ਇੰਦਰਾ ਗਾਂਧੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਗੁਰਧਾਮਾਂ ਵਿਰੁਧ ਕੀਤੀ ਕਾਰਵਾਈ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖ 1984 ਨਹੀਂ ਭੁੱਲ ਸਕਦਾ ਕਿਉਂਕਿ ਸਿੱਖ ਕਤਲੇਆਮ ਦੇ ਪਿੱਛੇ ਇਕਲੌਤਾ ਕਾਰਨ ਇੰਦਰਾ ਗਾਂਧੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਲੁਧਿਆਣਾ ਵਿਚ ਇੰਦਰਾ ਗਾਂਧੀ ਦਾ ਬੁੱਤ ਲਾਉਣ ਦਾ ਐਲਾਨ ਸਿੱਖ ਭਾਈਚਾਰੇ ਲਈ ਵੱਡਾ ਝਟਕਾ ਹੈ ਕਿਉਂਕਿ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਅਕਾਲੀ ਆਗੂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਅਪਣੇ ਬੁੱਤ ਲਾਉਣ ਦੇ ਐਲਾਨ ਅਨੁਸਾਰ ਕਾਰਵਾਈ ਕਰਦੀ ਹੈ ਤਾਂ ਇਸ ਨਾਲ ਰਾਜ ਦਾ ਸ਼ਾਂਤੀਪੂਰਨ ਮਾਹੌਲ ਖਰਾਬ ਹੋਵੇਗਾ ਤੇ ਵੱਖ-ਵੱਖ ਭਾਈਚਾਰਿਆਂ ਦੇ ਰਿਸ਼ਤਿਆਂ ਵਿਚ ਕੁੜ੍ਹਤਣ ਪੈਦਾ ਹੋਵੇਗੀ। ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਸਥਿਤੀ ਤੋਂ ਗੁਰੇਜ਼ ਕਰੇ ਜਿਸ ਵਿਚ ਫਿਰਕਿਆਂ ਵਿਚ ਕੁੜ੍ਹਤਣ ਪੈਦਾ ਹੋਵੇ ਤੇ ਪੰਜਾਬ ਦੀ ਅਮਨ ਤੇ ਸ਼ਾਂਤੀ ਭੰਗ ਹੁੰਦੀ ਹੋਵੇ।