ਕਾਂਗਰਸ ਸਰਕਾਰ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ : ਜਾਖੜ

ਖ਼ਬਰਾਂ, ਪੰਜਾਬ



ਅਹਿਮਦਗੜ੍ਹ/ਡੇਹਲੋਂ/ਆਲਮਗੀਰ, 6 ਸਤੰਬਰ (ਰਾਮਜੀ ਦਾਸ ਚੌਹਾਨ/ਹਰਜਿੰਦਰ ਸਿੰਘ ਗਰੇਵਾਲ/ਬੰਟੀ ਚੌਹਾਨ) : ਮੇਲਾ ਛਪਾਰ ਮੌਕੇ ਕਾਂਗਰਸ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਪੰਜਾਬ ਨੂੰ ਕੰਗਾਲ ਤੇ ਬਰਬਾਦ ਕਰ ਗਈ। ਹੁਣ ਕਾਂਗਰਸ ਸਰਕਾਰ ਪੰਜਾਬ ਨੂੰ ਆਰਥਕ ਪੱਖੋਂ ਮਜ਼ਬੂਤ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਦਾ ਅਹਿਦ ਲਿਆ ਹੈ, ਜਿਸ 'ਤੇ ਫੁੱਲ ਚੜ੍ਹਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣੇ ਵਾਅਦਿਆਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਇਸੇ ਕੜੀ ਤਹਿਤ ਪੰਜਾਬ ਦੇ ਨੌਜਾਵਨਾਂ ਨੂੰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪਿਛਲੇ ਦਿਨੀਂ ਹਜ਼ਾਰਾਂ ਦੀ ਗਿÎਣਤੀ 'ਚ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦਿਤੇ ਗਏ ਹਨ ਅਤੇ ਅੱਗੇ ਵੀ ਇਸ ਸਾਲ ਦੇ ਅਖੀਰ ਤਕ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਉਪਰਾਲੇ ਕੀਤੇ ਜਾਣਗੇ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਪਣੇ ਸ਼ਾਸਨ ਦੌਰਾਨ ਲੋਕਾਂ 'ਤੇ ਜਬਰ ਕਰਨ ਵਾਲੇ ਲੋਕ ਅੱਜ ਜਬਰ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ 'ਚ ਸਰਕਾਰੀ ਬਸਾਂ ਕਰੋੜਾਂ ਰੁਪਏ ਕਮਾਉਂਦੀਆਂ ਹਨ, ਪਰ ਬਾਦਲਾਂ ਦੇ ਰਾਜ 'ਚ ਪੀ.ਆਰ.ਟੀ.ਸੀ. ਕਰੋੜਾਂ ਦੇ ਘਾਟੇ 'ਚ ਗਈ। ਬਾਦਲ ਸਰਾਕਰ ਨੇ ਸੂਬੇ ਅੰਦਰ ਆਰਥਕ ਅਤਿਵਾਦ ਪੈਦਾ ਕਰ ਦਿਤਾ ਹੈ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮਂੇ 'ਚ ਨਹਿਰੀ ਪਾਣੀ ਨੂੰ ਸਾਫ਼-ਸੁਥਰਾ ਪੀਣ ਯੋਗ ਬਣਾਉਣ  ਲਈ ਯਤਨ ਕੀਤੇ ਜਾ ਰਹੇ ਹਨ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਵਲੋਂ ਸਰਕਾਰ ਛੱਡਣ ਤੋਂ ਪਹਿਲਾਂ 31 ਹਜ਼ਾਰ ਕਰੋੜ ਦਾ ਪੰਜਾਬ ਸਿਰ ਕਰਜ਼ਾ ਚਾੜ੍ਹ ਗਏ ਸਨ। ਇਨ੍ਹਾਂ ਦੀਆਂ ਨੀਤੀਆਂ ਕਾਰਨ ਹੀ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਚੜ੍ਹੀ ਹੈ। ਇਸ ਲਈ ਹੁਣ ਕਾਂਗਰਸ ਸਰਕਾਰ   (ਬਾਕੀ ਸਫ਼ਾ 11 'ਤੇ)
ਕਿਸਾਨਾਂ ਦਾ ਕਰਜ਼ਾਂ ਤਾਂ ਮਾਫ਼ ਕਰੇਗੀ ਹੀ, ਨਾਲ ਹੀ ਭੱਵਿਖ 'ਚ ਉਨ੍ਹਾਂ ਦੇ ਸਿਰ ਅੱਗੇ ਤੋਂ ਕਰਜ਼ਾ ਚੜ੍ਹਨ ਤੋਂ ਰੋਕਣ ਲਈ ਨੀਤੀ ਬਣਾ ਕੇ ਉਪਰਾਲੇ ਕਰੇਗੀ ਤਾਂ ਕਿ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅਪਣਾ ਚੰਗਾ ਜੀਵਨ ਬਤੀਤ ਕਰ ਸਕੇ। ਪੰਜਾਬ ਅੰਦਰ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਕੈਪਟਨ ਸਰਕਾਰ ਵਲੋਂ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਸਤਾਏ ਉਦਯੋਗਪਤੀਆਂ ਨੇ ਪੰਜਾਬ ਵੱਲ ਫਿਰ ਰੁੱਖ ਕਰ ਲਿਆ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਅੱਜ ਮੰਡੀ ਗੋਬਿੰਦਗੜ੍ਹ ਦੇ ਕਾਰਖਾਨਿਆਂ ਦੀਆਂ ਚਿਮਨੀਆਂ 'ਚੋਂ ਫਿਰ ਧੂੰਆਂ ਨਿਕਲਣ ਲੱਗ ਗਿਆ ਹੈ ਜੋ ਕੈਪਟਨ ਸਰਕਾਰ ਦੀ ਕਾਮਯਾਬੀ ਦਾ ਇਸ਼ਾਰਾ ਕਰਦੀ ਹੈ।

ਇਸ ਮੌਕੇ ਮੈਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਆਈ ਲੀਡਰਸ਼ਿਪ ਦਾ ਧਨਵਾਦ ਕੀਤਾ। ਇਸ ਮੌਕੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ,, ਗੁਰਦੇਵ ਸਿੰਘ ਲਾਪਰਾ, ਗੁਰਦੀਪ ਸਿੰਘ ਭੈਣੀ, ਮੇਜਰ ਸਿੰਘ ਭੈਣੀ, ਮਲਕੀਤ ਸਿੰਘ ਦਾਖਾ, ਡਾ. ਅਮਰ ਸਿੰਘ, ਸਤਿੰਦਰ ਬਿੱਟੀ, ਆਦਿ ਲੀਡਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਅਮਰੀਕ ਸਿੰਘ ਢਿੱਲੋ ਵਿਧਾਇਕ, ਲਖਵੀਰ ਸਿੰਘ ਲੱਖਾ ਵਿਧਾਇਕ ਪਾਇਲ, ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ, ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ, ਭੁਪਿੰਦਰ ਸਿੱਧੂ, ਸਰਬਜੀਤ ਸਿੰਘ ਛੱਬੀ ਛਪਾਰ, ਰੋਮੀ ਛਪਾਰ, ਰਮੇਸ਼ ਕੌਸ਼ਲ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ, ਗੁਰਮੀਤ ਸਿੰਘ ਜਿਪੀ ਮਾਜਰੀ, ਜਸਵਿੰਦਰ ਸਿੰਘ ਲਾਲੀ ਪ੍ਰਧਾਨ ਟਰੱਕ ਯੂਨੀਅਨ ਅਹਿਮਦਗੜ੍ਹ, ਹਰਦੀਪ ਸਿੰਘ ਬੋੜਹਾਈ, ਦਲਜੀਤ ਸਿੰਘ ਲਿੱਦੜ, ਸੁਰਾਜ ਮੁਹੰਮਦ ਪ੍ਰਧਾਨ ਨਗਰ ਕੌਂਸਲ, ਰਾਕੇਸ਼ ਗਰਗ, ਅਰੁਣ ਵਰਮਾ, ਜਮੀਲ ਮੁਹੰਮਦ ਜ਼ਿਲ੍ਹਾ ਸਕੱਤਰ, ਜੁਗਰਾਜ ਸਿੰਘ ਮਹੇਰਨਾਂ, ਅਮਰਚੰਦ ਸ਼ਰਮਾ ਆਦਿ ਹਾਜ਼ਰ ਸਨ।