ਫ਼ਤਿਹਗੜ੍ਹ•
ਸਾਹਿਬ, 2 ਸਤੰਬਰ (ਦਵਿੰਦਰ ਖਰੌੜੀ) : ਲੋਕਾਂ ਨਾਲ ਵਾਅਦੇ ਕਰ ਕੇ ਕਾਂਗਰਸ ਸਰਕਾਰ
ਲੋਕਾਂ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਵਿਚ ਅਸਫ਼ਲ ਰਹੀ ਹੈ ਜਿਸ ਨਾਲ ਕਿਸਾਨਾਂ ਦੀਆਂ
ਖ਼ੁਦਕੁਸ਼ੀਆਂ ਦੇ ਗ੍ਰਾਫ਼ ਵਿਚ ਵਾਧਾ ਹੋਇਆ ਹੈ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਨੇ ਸਰਹਿੰਦ ਵਿਖੇ ਕੀਤਾ। ਉਹ ਅਕਾਲੀ ਦਲ ਦੇ ਮਰਹੂਮ ਆਗੂ ਦਵਿੰਦਰ ਸਿੰਘ
ਭੱਪੂ ਦੇ ਘਰ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਸਨ ਜੋ ਪਿਛਲੇ ਦਿਨੀਂ ਹੀ ਅਕਾਲ
ਚਲਾਣਾ ਕਰ ਗਏ ਸਨ।
ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਲਈ
ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿਤੀਆਂ ਸਨ ਉਨ੍ਹਾਂ 'ਤੇ ਰੋਕ ਲਗਾ ਕੇ ਸਾਬਤ ਕਰ ਦਿਤਾ
ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨਾਲ ਧਰੋਹ ਕਮਾ ਰਹੀ ਹੈ। ਅਕਾਲੀ ਦਲ ਅਮਨ ਤੇ
ਸ਼ਾਂਤੀ ਪਸੰਦ ਪਾਰਟੀ ਹੈ ਜੋ ਹਮੇਸ਼ਾ ਹੀ ਸੂਬੇ ਦੀ ਖ਼ੁਸ਼ਹਾਲੀ ਚਾਹੁੰਦੀ ਹੈ। ਪੱਤਰਕਾਰਾਂ ਦੇ
ਇਕ ਸਵਾਲ ਦੇ ਜਬਾਬ ਵਿਚ ਸ. ਬਾਦਲ ਨੇ ਕਿਹਾ ਕਿ ਡੇਰਾ ਸਿਰਸਾ ਦੇ ਸਾਰੇ ਸ਼ਰਧਾਲੂ ਤਾਂ
ਪੰਚਕੁਲਾ ਪਹੁੰਚ ਗਏ ਸਨ ਜਿਨ੍ਹਾਂ ਨੂੰ ਰੋਕਣ ਵਿਚ ਕਾਂਗਰਸ ਸਰਕਾਰ ਫ਼ੇਲ੍ਹ ਸਾਬਤ ਹੋਈ ਹੈ।
ਇਸ ਮੌਕੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ,
ਸੀਨੀਅਰ ਅਕਾਲੀ ਆਗੂ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ,
ਸੁਖਦੇਵ ਸਿੰਘ ਲਿਬੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਲਿਬੜਾ, ਅਮਰਿੰਦਰ ਸਿੰਘ
ਲਿਬੜਾ ਆਦਿ ਮੌਜੂਦ ਸਨ।