ਅੰਮ੍ਰਿਤਸਰ, 27
ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼
ਲਾਇਆ ਕਿ ਕਾਂਗਰਸ ਵਿਕਾਸ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਸਦੀਆਂ
ਪੁਰਾਣੇ ਕਬਰਸਤਾਨਾਂ 'ਤੇ ਨਾਜਾਇਜ਼ ਕਬਜ਼ੇ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਮਨੁੱਖ ਦੀਆਂ
ਅੰਤਮ ਰਸਮਾਂ ਨਿਭਾਉਣ ਵਰਗੀਆਂ ਸਮਾਜਕ ਜ਼ਿੰਮੇਵਾਰੀਆਂ ਦੇ ਕਾਰਜ ਵਿਚ ਕਿਸੇ ਵਲੋਂ ਵੀ
ਰੁਕਾਵਟ ਨਾ ਪਾਉਣ ਦੇਣ ਨੂੰ ਯਕੀਨੀ ਬਣਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਮਜੀਠੀਆ
ਨੇ ਅੱਜ ਕਸਬਾ ਚਵਿੰਡਾ ਦੇਵੀ ਵਿਖੇ ਪੁਰਾਣੇ ਕਬਰਸਤਾਨ 'ਤੇ ਕਾਂਗਰਸੀ ਆਗੂ ਦੇ ਕਰੀਬੀ
ਵਲੋਂ ਕਥਿਤ ਨਾਜਾਇਜ਼ ਕਬਜ਼ੇ ਵਿਰੁਧ ਇਲਾਕਾ ਨਿਵਾਸੀਆਂ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ
ਕਿਹਾ ਕਿ ਗ਼ਰੀਬਾਂ ਅਤੇ ਦਲਿਤ ਵਰਗ ਦੇ ਕਿਸੇ ਵਿਅਕਤੀ ਦਾ ਨੁਕਸਾਨ ਜਾਂ ਕਿਸੇ ਤਰ੍ਹਾਂ ਦਾ
ਧੱਕਾ ਹੋਇਆ ਤਾਂ ਲਾਲੀ ਮਜੀਠਾ ਅਤੇ ਮੁਖਤਿਆਰ ਸਿੰਘ ਜ਼ਿੰਮੇਵਾਰ ਹੋਵੇਗਾ। ਉਨ੍ਹਾਂ
ਕਾਂਗਰਸ ਨੂੰ ਕਬਰਸਤਾਨਾਂ 'ਤੇ ਸਿਆਸਤ ਨਾ ਕਰਨ ਦੀ ਸਲਾਹ ਦਿਤੀ। ਮਜੀਠੀਆ ਨੇ ਕਿਹਾ ਕਿ
ਸਰਕਾਰ ਹਰ ਪੱਖੋਂ ਫ਼ੇਲ੍ਹ ਸਾਬਤ ਹੋ ਰਹੀ ਹੈ। ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਪੈਸੇ
ਨਹੀਂ ਹਨ। ਪੈਨਸ਼ਨ, ਸ਼ਗਨ ਸਕੀਮ, ਬੰਦ ਹਨ, ਲੋਕਾਂ ਨੂੰ ਰੁਜ਼ਗਾਰ ਦੇ ਨਾਮ 'ਤੇ ਗੁਮਰਾਹ
ਕੀਤਾ ਜਾ ਰਿਹਾ ਹੈ।
ਇਸ ਮੌਕੇ ਤਲਬੀਰ ਸਿੰਘ ਗਿੱਲ, ਸਵਰਨ ਸਿੰਘ ਮੁਨੀਮ, ਗੁਰਵਿੰਦਰ
ਸਿੰਘ ਗਿੰਦਾ, ਪ੍ਰਗਟ ਮਸੀਹ, ਲਾਲ ਮਸੀਹ, ਬਿਲਾ ਮਸੀਹ ਪੰਚ, ਜਸਬੀਰ ਸਿੰਘ ਹਦਾਇਤ ਪੁਰਾ
ਆਦਿ ਮੌਜੂਦ ਸਨ।