ਬਠਿੰਡਾ, 13 ਦਸੰਬਰ (ਸੁਖਜਿੰਦਰ ਮਾਨ): ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀਆਂ ਨਾਲ ਧੱਕੇਸ਼ਾਹੀਆਂ ਤੋਂ ਕਾਂਗਰਸੀਆਂ ਨੂੰ ਗੁਰੇਜ ਕਰਨ ਦੀ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕਿ ਉਹ ਨਾ ਜ਼ੁਲਮ ਕਰਨਗੇ ਅਤੇ ਨਾ ਹੀ ਜ਼ੁਲਮ ਨੂੰ ਸਹਿਣਗੇ। ਅੱਜ ਇਥੇ ਅਪਣੇ ਹਲਕੇ ਦੇ ਇਕ ਸਰਪੰਚ ਦਾ ਸਥਾਨਕ ਦਿਉਲ ਹਸਪਤਾਲ 'ਚ ਹਾਲ-ਚਾਲ ਪੁੱਛਣ ਆਏ ਸ: ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀਆਂ ਦੀਆਂ ਗਿੱਦੜਭਵਕੀਆਂ ਤੋਂ ਨਾ ਡਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਕਿਹੜੇ ਬਾਗ਼ ਦੀ ਮੂਲੀ ਹਨ ਅਕਾਲੀਆਂ ਨੇ ਤਾਂ ਇੰਦਰਾ ਗਾਂਧੀ ਸਹਿਤ ਵੱਡਿਆਂ-ਵੱਡਿਆਂ ਦੀਆਂ ਗੋਡਣੀਆਂ ਲਗਵਾਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਭਲਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਕਾਲੀ ਦਲ ਦੀ ਵਰ੍ਹੇਗੰਢ ਮਨਾਉਣ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਤੋਂ 92 ਸਾਲ ਪਹਿਲਾਂ ਬੇਇਨਸਾਫ਼ੀ, ਜਬਰ ਤੇ ਜ਼ੁਲਮ ਵਿਰੁਧ ਹੀ ਇਸ ਦਾ ਜਨਮ ਹੋਇਆ ਸੀ ਜਿਸ ਦੇ ਚੱਲਦੇ ਇਹ ਹਰ ਧੱਕੇਸ਼ਾਹੀ ਵਿਰੁਧ ਆਵਾਜ਼ ਉਠਾਉਂਦਾ ਰਹੇਗਾ।