ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਦਸੀਆਂ ਮੁਸ਼ਕਲਾਂ

ਖ਼ਬਰਾਂ, ਪੰਜਾਬ

ਚੰਡੀਗੜ੍ਹ, 1 ਮਾਰਚ (ਜੀ.ਸੀ. ਭਾਰਦਵਾਜ) : ਪੰਜਾਬ 'ਚ ਇਕ ਸਾਲ ਪੁਰਾਣੀ ਕਾਂਗਰਸ ਸਰਕਾਰ ਨੂੰ ਜਿਥੇ ਆਰਥਕ, ਸਿਆਸੀ, ਵਿਦਿਅਕ ਤੇ ਦਿਹਾਤੀ-ਸ਼ਹਿਰੀ ਸਮੱਸਿਆਵਾਂ ਸਾਹਮਣੇ ਆਈਆਂ ਹਨ, ਉਥੇ ਸੱਤਾਧਾਰੀ ਪਾਰਟੀ ਦੇ ਆਪਣੇ ਵਿਧਾਇਕ ਹੀ ਅਪਣੇ ਇਲਾਕਿਆਂ ਦੀਆਂ ਮੁਸ਼ਕਲਾਂ ਨਾ ਹੱਲ ਕਰਨ ਕਰ ਕੇ ਸਰਕਾਰ ਤੋਂ ਨਾਰਾਜ਼ ਬੈਠੇ ਹਨ।ਅੱਜ ਪੰਜਾਬ ਭਵਨ 'ਚ ਲਗਾਤਾਰ 6 ਘੰਟੇ ਚੱਲੀ ਗਰਮਾ-ਗਰਮ ਮੀਟਿੰਗ 'ਚ ਇਨ੍ਹਾਂ ਵਿਧਾਇਕਾਂ ਨੇ ਦੋਆਬਾ, ਮਾਲਵਾ ਤੇ ਮਾਝਾ ਇਲਾਕੇ ਦੀਆਂ ਮੋਟੀਆਂ ਤੇ ਬਰੀਕ ਗੱਲਾਂ ਨਾਲ ਮੁੱਖ ਮੰਤਰੀ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਬੰਧਤ ਮੰਤਰੀਆਂ ਦੇ ਕੰਨ ਖੋਲ੍ਹੇ। ਇਨ੍ਹਾਂ ਦੁਖੀ ਤੇ ਭਰੇ ਫਿੱਸੇ ਜਨਤਾ ਦੇ ਨੁਮਾਇੰਦਿਆਂ ਨੇ ਰੋਣਾ ਰੋਇਆ ਕਿ ਅਜੇ ਵੀ ਅਕਾਲੀ ਦਲ ਦੇ ਸਰਪੰਚਾਂ, ਚੌਧਰੀਆਂ ਅਤੇ ਲੀਡਰਾਂ ਦੀ ਹੀ ਸੁਣੀ ਜਾਂਦੀ ਹੈ।ਕੁੱਝ ਕੁ ਵਿਧਾਇਕਾਂ ਨੂੰ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਵਲੋਂ ਸਖ਼ਤ ਰਵਈਆ ਅਪਣਾ ਕੇ ਖੂੰਡਾ ਵਿਖਾਉਣ ਦੀ ਲੋੜ ਹੈ। ਵਿਧਾਇਕਾਂ ਨੇ ਇਹ ਵੀ ਕਿਹਾ ਕਿ 'ਕਾਨੂੰਨ ਦੇ ਰਾਖੇ' ਨਾਂ ਦੇ ਪੇਂਡੂ ਅਹੁਦਿਆਂ 'ਤੇ ਸਾਬਕਾ ਫ਼ੌਜੀ ਜਿਹੜੇ ਤੈਨਾਤ ਕੀਤੇ ਹਨ, ਉਹ ਅਕਾਲੀ-ਭਾਜਪਾ ਦੇ ਕੱਟੜ ਮਦਦਗਾਰ ਹਨ, ਜੋ ਕਾਂਗਰਸੀ ਵਰਕਰਾਂ ਨੂੰ ਨੁੱਕਰੇ ਲਾ ਕੇ ਰਖਦੇ ਹਨ।ਅਗਲੇ ਸਾਲ ਲੋਕ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਅਤੇ ਆਉਂਦੇ ਬਜਟ ਪ੍ਰਸਤਾਵਾਂ 'ਚ ਕਿਸਾਨੀ ਭਲਾਈ ਅਤੇ ਹੋਰ ਸਮਾਜਕ ਸੁਰੱÎਖਆ, ਪੈਨਸ਼ਨਾਂ ਆਦਿ ਲਈ ਵਾਧੂ ਬਜਟ ਰੱਖਣ ਦਾ ਇਸ਼ਾਰਾ ਕਰਦੇ ਹੋਏ ਇਨ੍ਹਾਂ ਵਿਧਾਇਕਾਂ ਨੇ ਨੌਜਵਾਨਾਂ ਨੂੰ ਵੀ ਅਪਣੇ ਨਾਲ ਜੋੜਨ ਦੀ ਗੱਲ ਆਖੀ। ਬੈਠਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਟੀ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੇਂਦਰ ਬਿੰਦੂ ਰਹੇ। ਬਾਕੀ ਮੰਤਰੀ ਵੀ ਰੋਸ ਤੇ ਗੁੱਸੇ ਦਾ ਨਿਸ਼ਾਨਾ ਬਣੇ ਰਹੇ। ਜ਼ਿਆਦਾਤਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲ ਹੀ ਗੁੱਸਾ ਸੀ, ਕਿਉਂਕਿ ਸ਼ਹਿਰੀ ਤੇ ਪੇਂਡੂ ਗ੍ਰਾਂਟਾਂ ਵੀ ਰੁੱਕ ਗਈਆਂ ਹਨ। ਵਿਕਾਸ ਦੇ ਕੰਮਾਂ 'ਚ ਖੜੌਤ ਆ ਗਈ ਹੈ ਅਤੇ ਬਕਾਇਆ ਪੈਨਸ਼ਨਾਂ ਤੇ ਹੋਰ ਵਿੱਤੀ ਮਦਦ ਵੀ ਜਨਤਾ ਤੇ ਪੰਚਾਇਤਾਂ ਲਈ ਬੰਦ ਹੋ ਗਈ ਹੈ।

ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਭਾਵੇਂ ਅੱਜ ਦੀ ਵੱਡੀ ਬੈਠਕ ਆਉਂਦੇ ਬਜਟ ਸੈਸ਼ਨ ਲਈ ਰਣਨੀਤੀ ਤੈਅ ਕਰਨ ਲਈ ਸੱਦੀ ਗਈ ਸੀ, ਪਰ ਬਹੁਤੇ ਕਾਂਗਰਸੀ ਵਿਧਾਇਕਾਂ ਨੇ ਖੁੱਲ੍ਹ ਕੇ ਕਿਹਾ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ 'ਆਪ' ਅਤੇ ਵਿਸ਼ੇਸ਼ ਕਰ ਕੇ ਅਕਾਲੀ ਲੀਡਰਾਂ ਦਾ ਸਵਾਲਾਂ, ਧਿਆਨ ਦੁਆਉ ਮਤਿਆਂ ਤੇ ਬਹਿਸਾਂ 'ਚ ਸੱਤਾਧਾਰੀ ਬੈਂਚ ਕਿਵੇਂ ਮੁਕਾਬਲਾ ਕਰੇਗਾ, ਜਦੋਂ ਜ਼ਮੀਨੀ ਹਕੀਕਤ ਸਰਕਾਰ ਦੇ ਉਲਟ ਹੈ। ਸ਼ਹਿਰੀ ਵਿਧਾਇਕਾਂ ਨੇ ਸੀਵਰੇਜ਼ ਤੇ ਪਾਣੀ-ਬਿਜਲੀ ਦਾ ਰੌਲਾ ਪਾਇਆ। ਪੇਂਡੂ ਨੁਮਾਇੰਦਿਆਂ ਨੇ ਸਕੂਲਾਂ ਤੇ ਲਿੰਕ ਸੜਕਾਂ ਅਤੇ ਆਟਾ-ਦਾਲ ਨਾ ਮਿਲਣ ਬਾਰੇ ਹੋ ਰਹੀ ਆਲੋਚਨਾਂ ਦਾ ਰੋਣਾ ਰੋਇਆ।ਵਿੱਤ ਮੰਤਰੀ ਨੇ ਜਦੋਂ ਇਹ ਕਹਿ ਕੇ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਵਲੋਂ ਜੀ.ਐਸ.ਟੀ. ਦੀ ਕਿਸ਼ਤ ਲੇਟ ਮਿਲਦੀ ਹੈ ਤਾਂ ਸਾਰੇ ਵਿਧਾਇਕਾਂ ਨੇ ਕਿਹਾ ਕਿ ਵੋਟਰ ਦੀ ਤਸੱਲੀ ਇਸ ਨਾਲ ਨਹੀਂ ਹੁੰਦੀ। ਮਾਝੇ ਤੇ ਮਾਲਵੇ ਦੇ ਕਈ ਵਿਧਾਇਕਾਂ ਨੇ ਕੁਝ ਕੁ ਦਾਗ਼ੀ ਅਕਾਲੀ ਨੇਤਾਵਾਂ ਵਿਰੁਧ ਕੇਸ ਦਰਜ ਕਰ ਕੇ ਪਿਛਲੇ 10 ਸਾਲਾਂ 'ਚ ਹੋਈਆਂ ਬੇਨਿਯਮੀਆਂ ਤੇ ਧਾਂਦਲੀਆਂ ਕਰਨ ਵਾਲਿਆਂ ਨੂੰ ਜੇਲਾਂ 'ਚ ਡੱਕਣ ਦੀ ਗੱਲ ਨੂੰ ਫਿਰ ਚੁਕਿਆ।ਇਕ-ਦੋ ਵਿਧਾਇਕਾਂ ਨੇ ਬਠਿੰਡਾ 'ਚ ਗੁੰਡਾ ਟੈਕਸ, ਰੇਤਾ ਬਜਰੀ 'ਚ ਹੋ ਰਹੀ ਚੋਰ ਬਾਜ਼ਾਰੀ ਅਤੇ ਕੁਝ ਕਾਂਗਰਸੀ ਨੇਤਾਵਾਂ ਵਲੋਂ ਹੀ ਕੀਤੀ ਜਾ ਰਹੀ ਮਿਲੀਭੁਗਤ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਅੱਜ ਦੀ ਬੈਠਕ 'ਚ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਗ਼ੈਰ-ਹਾਜ਼ਰ ਰਹੇ।