ਕਰਜ਼ਾਈ ਕਿਸਾਨ ਨੇ ਸਲਫ਼ਾਸ ਖਾ ਕੇ ਕੀਤੀ ਖ਼ੁਦਕੁਸ਼ੀ

ਖ਼ਬਰਾਂ, ਪੰਜਾਬ

ਮਲੋਟ, 3 ਸਤੰਬਰ (ਹਰਦੀਪ ਸਿੰਘ ਖ਼ਾਲਸਾ) : ਸਬ ਡਵੀਜ਼ਨ ਮਲੋਟ ਦੇ ਪਿੰਡ ਈਨਾ ਖੇੜਾ ਦੇ ਇਕ ਕਰਜ਼ਾਈ ਕਿਸਾਨ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ (51) ਨੇ ਘਰ ਦੀ ਕਬੀਲਦਾਰੀ ਤੇ ਕੋਠੇ ਜਿੱਡੀਆਂ ਜਵਾਨ ਧੀਆਂ ਨੂੰ ਵਿਆਹੁਣ ਦਾ ਫਿਕਰ ਅਤੇ ਸਿਰ ਚੜ੍ਹਿਆ ਕਰਜ਼ਾ ਮੁੜਦਾ ਨਾ ਵੇਖ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲਿਆ ਅਤੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦਸਿਆ ਕਿ ਉਨ੍ਹਾਂ ਕੋਲ 10 ਏਕੜ ਸੇਮ ਗ੍ਰਸਤ ਜ਼ਮੀਨ ਸੀ, ਜਿਥੋਂ ਕੋਈ ਕਮਾਈ ਨਹੀਂ ਸੀ ਆਉਂਦੀ, ਜਿਸ ਕਾਰਨ ਘਰ ਚਲਾਉਣ ਅਤੇ ਬੱਚਿਆਂ ਦੀ ਪੜ੍ਹਾਈ ਚਲਦੀ ਰੱਖਣ ਲਈ ਆੜ੍ਹਤੀਆਂ ਅਤੇ ਬੈਂਕ ਤੋਂ ਲਿਆ ਕਰਜ਼ਾ ਵੱਧ ਕੇ 10 ਲੱਖ ਤੋਂ ਵੀ ਟੱਪ ਗਿਆ, ਘਰ ਦੀ ਵੱਡੀ ਕਬੀਲਦਾਰੀ ਅਤੇ ਕਰਜ਼ਾ ਮੁੜਦਾ ਨਾ ਦੇਖ ਉਸ ਦੇ ਪਤੀ ਨੇ ਆਖਰ ਸਲਫ਼ਾਸ ਦੀਆਂ ਗੋਲੀਆਂ ਨਿਗਲ ਕੇ ਆਤਮ ਹੱਤਿਆ ਕਰ ਲਈ।
ਉਨ੍ਹਾਂ ਦਸਿਆ ਕਿ ਉਸ ਦੇ ਪਤੀ ਨੇ 5 ਏਕੜ ਜ਼ਮੀਨ ਵੇਚ ਕੇ ਟਰੱਕ ਲਿਆ ਸੀ ਤਾਂ ਜੋ ਘਰ ਦਾ ਗੁਜ਼ਾਰਾ ਹੋ ਸਕੇ, ਪਰ ਸਰਕਾਰ ਵਲੋਂ ਯੂਨੀਅਨਾਂ ਭੰਗ ਕਰਨ ਕਰ ਕੇ ਉਹ ਵੀ ਤੋਰਾ ਨਹੀਂ ਤੁਰ ਸਕਿਆ। ਪਰਮਜੀਤ ਕੌਰ ਨੇ ਦਸਿਆ ਕਿ ਉਨ੍ਹਾਂ ਦੀਆਂ 2 ਬੇਟੀਆਂ ਤੇ ਇਕ ਬੇਟਾ (ਤਿੰਨੋ ਕੁਆਰੇ) ਹਨ, ਬੇਟੇ ਨੂੰ ਵਿਦੇਸ਼ ਭੇਜਣ ਦਾ ਉਪਰਾਲਾ ਵੀ ਕੀਤਾ ਗਿਆ, ਪਰ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਦਸਿਆ ਕਿ ਗੰਭੀਰ ਹਾਲਤ ਵਿੱਚ ਗੁਰਦੀਪ ਸਿੰਘ ਨੂੰ ਬਠਿੰਡੇ ਲੈ ਕੇ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਮਲੋਟ ਦੇ ਇੰਚਾਰਜ਼ ਪਰਮਜੀਤ ਸਿੰਘ ਨੇ ਦਸਿਆ ਕਿ ਏ.ਐਸ.ਆਈ ਮਲਕੀਤ ਸਿੰਘ ਨੇ ਮ੍ਰਿਤਕ ਦੇ ਪੁੱਤਰ ਰਣਬੀਰਪਾਲ ਸਿੰਘ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਪੋਸਟਮਾਟਰਮ ਕਰਨ ਉਪਰੰਤ ਮ੍ਰਿਤਕ ਦੇਹ ਪਰਵਾਰ ਨੂੰ ਸੌਂਪ ਦਿਤੀ ਗਈ ਹੈ।