ਕਰਜ਼ ਮੁਆਫ਼ੀ ਦੇ ਚੱਕਰ 'ਚ ਕਿਸੇ ਥਾਂ ਦਾ ਨਹੀਂ ਰਿਹਾ ਕਿਸਾਨ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 15 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਕੈਪਟਨ ਸਰਕਾਰ ਨੂੰ ਕਿਸਾਨ ਸੰਗਠਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨ ਸੰਗਠਨਾਂ ਤੇ ਵੱਖ ਵੱਖ ਹੋਈਆਂ ਜਨਤਕ ਮੀਟਿੰਗਾਂ 'ਚ ਵਾਅਦਾ ਕੀਤਾ ਗਿਆ ਸੀ ਕਿ ਕਰਜ਼ੇ ਮਾਫ਼ ਕਰਨ ਸਬੰਧੀ ਨੋਟੀਫ਼ੀਕੇਸ਼ਨ ਜਲਦੀ ਲਾਗੂ ਕਰ ਦਿਤਾ ਜਾਵੇਗਾ। ਪਰ ਖ਼ੁਦ ਕਰਜ਼ਾਈ ਸਰਕਾਰ ਲਾਰੇ ਲੱਪੇ ਲਾਉਂਦੀ ਰਹੀ ਤਾਂ ਜੋ ਗੁਰਦਾਸਪੁਰ ਜ਼ਿਮਨੀ ਚੋਣ 'ਚ ਮਾਡਲ ਕੋਡ ਆਫ਼ ਕੰਡਕਟ ਲਾਗੂ ਹੋਣ ਨਾਲ ਲਗਭਗ ਇਕ ਮਹੀਨੇ ਦੀ ਰਾਹਤ ਮਿਲ ਜਾਵੇਗੀ। ਪਰ ਕਰਜ਼ਾਈ ਕਿਸਾਨ ਰੋਜ਼ਾਨਾ ਖ਼ੁਦਕੁਸ਼ੀਆਂ ਕਰ ਰਿਹਾ ਹੈ।
ਕਾਂਗਰਸ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਣਨ ਤੇ ਸਮੂਹ ਕਿਸਾਨੀ ਕਰਜ਼ਾ ਮਾਫ਼ ਕਰ ਦਿਤਾ ਜਾਵੇਗਾ। ਇਸ ਐਲਾਨ 'ਤੇ ਪੰਜਾਬ ਦੀ ਕਿਸਾਨੀ ਨੇ ਕਾਂਗਰਸ ਨੂੰ ਵੋਟਾਂ ਪਾ ਦਿਤੀਆਂ। ਕੈਪਟਨ ਸਰਕਾਰ ਬਣ ਗਈ। ਸਰਕਾਰ ਬਣਨ 'ਤੇ ਤੁਰਤ ਰਾਹਤ ਦੇਣ ਦੀ ਥਾਂ ਦੋ ਲੱਖ ਦਾ ਫ਼ਸਲੀ ਕਰਜ਼ਾ ਛੋਟੇ ਤੇ ਦਰਮਿਆਨੇ ਕਿਸਾਨ ਦਾ ਮਾਫ਼ ਕਰਨ ਸਬੰਧੀ ਐਲਾਨ ਕਰ ਦਿਤਾ ਪਰ 6 ਮਹੀਨਿਆਂ ਤੋਂ ਬਣੀ ਸਰਕਾਰ ਕੁੱਝ ਨਹੀਂ ਕਰ ਸਕੀ। ਕਰਜ਼ਾਈ ਕਿਸਾਨ ਦੀ ਹਾਲਤ ਇਹ ਹੈ ਕਿ ਉਹ ਖ਼ੁਦਕੁਸ਼ੀਆਂ ਕਰ ਰਿਹਾ ਹੈ। ਕਾਂਗਰਸ ਨੇ ਪੰਜਾਬ ਦੀ ਕਰਜ਼ਾਈ ਕਿਸਾਨੀ ਨੂੰ ਕਸੂਤੀ ਥਾਂ ਫਸਾ ਦਿਤਾ ਹੈ। ਕੈਪਟਨ ਸਰਕਾਰ ਨੇ ਫ਼ਸਲੀ ਕਰਜ਼ੇ ਦੇ ਬਹਾਨੇ ਨਾਲ ਸਹਿਕਾਰੀ ਬੈਂਕਾਂ ਦਾ ਕਰਜ਼ਾ ਮਾਫ਼ ਕਰਨ ਸਬੰਧੀ ਐਲਾਨ ਕੀਤਾ ਹੈ। ਛੋਟੀ ਤੇ ਦਰਮਿਆਨੀ ਕਿਸਾਨੀ ਦੀਆਂ ਲਿਮਟਾਂ ਬਾਰੇ ਸਥਿਤੀ ਗੁਝਲਦਾਰ ਬਣੀ ਹੈ।
ਸਹਿਕਾਰੀ ਬੈਂਕਾਂ ਦਾ ਕਰਜ਼ਾ ਨਿਗੂਣਾ ਹੈ ਜੋ 25-30 ਹਜ਼ਾਰ ਦੇ ਕਰੀਬ ਦਸਿਆ ਜਾ ਰਿਹਾ ਹੈ। ਸਰਕਾਰ ਛੋਟੀ ਤੇ ਦਰਮਿਆਨੀ ਕਿਸਾਨੀ ਦੀਆਂ ਲਿਮਟਾਂ ਉਨ੍ਹਾਂ ਨੂੰ ਹਨੇਰੇ 'ਚ ਰੱਖ ਰਹੀ ਹੈ। ਸਹਿਕਾਰੀ ਬੈਂਕਾਂ ਵਾਲੇ ਸਾਫ਼ ਆਖ ਰਹੇ ਹਨ ਕਿ ਛੋਟੀ ਤੇ ਦਰਮਿਆਨੀ ਕਿਸਾਨੀ ਦੀਆਂ ਲਿਮਟਾਂ 'ਚ ਕੋਈ ਵੀ ਰਾਹਤ ਕੈਪਟਨ ਸਰਕਾਰ ਨਹੀਂ ਦੇ ਰਹੀ। ਖ਼ੁਦਕੁਸ਼ੀਆਂ ਤਾਂ ਛੋਟਾ ਕਿਸਾਨ ਕਰ ਰਿਹਾ ਹੈ ਪਰ ਸਰਕਾਰ ਅਸਲ ਕਰਜ਼ੇ ਦੀ ਕੋਈ ਗੱਲ ਨਹੀਂ ਕਰ ਰਹੀ। ਪ੍ਰਭਾਵਤ ਕਿਸਾਨਾਂ ਨੇ ਦਸਿਆ ਕਿ ਉਹ ''ਕਾਸੇ ਜੋਗੇ ਨਹੀਂ ਰਹੇ''। ਬੈਂਕਾਂ ਨੂੰ ਨੋਟੀਫ਼ੀਕੇਸ਼ਨ ਦੀ ਚਿੱਠੀ ਨਹੀਂ ਆ ਰਹੀ ਜਿਸ ਤੋਂ ਸਥਿਤੀ ਸਪੱਸ਼ਟ ਹੋਣੀ ਹੈ ਕਿ ਕਰਜ਼ਾ ਮਾਫ਼ ਕੀਤਾ ਹੈ ਜਾਂ ਵਿਆਜ਼ ਹੇਠ ਦਬਾਅ ਦਿਤਾ ਗਿਆ ਹੈ ਜੋ ਲਿਮਟਾਂ ਦਾ ਹੈ। ਕਿਸਾਨ ਸੰਗਠਨਾਂ ਤੇ ਪੀੜਤ ਕਿਸਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਬਾਅ ਹੇਠ ਮਾੜਾ ਮੋਟਾ ਕਰਜ਼ਾ ਮਾਫ਼ੀ ਦਾ ਐਲਾਨ ਕੀਤਾ ਹੈ ਸਰਕਾਰ ਦੇ ਪੱਲੇ ਕੁੱਝ ਨਹੀਂ ਪਰ ਝੂਠੇ ਵਾਅਦਿਆਂ ਦੇ ਆਸਰੇ ਹਕੂਮਤ ਬਣ ਗਈ ਹੈ ਜਿਸ ਦਾ ਖਮਿਆਜ਼ਾ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਉਸ ਨੂੰ ਭੁਗਤਣਾ ਪਵੇਗਾ।
ਸਿਆਸੀ ਹਲਕੇ ਇਹ ਆਖ ਰਹੇ ਹਨ ਕਿ ਸਰਕਾਰੀ ਮਸ਼ੀਨਰੀ, ਨੋਟਾਂ ਦੇ ਲਾਲਚ ਹੇਠ ਚੋਣ ਲੜੀ ਜਾਵੇਗੀ ਤੇ ਜਿੱਤਣ ਲਈ ਲੋਕਤੰਤਰ ਦੇ ਸੱਭ ਅਸੂਲ ਛਿੱਕੇ ਟੰਗੇ ਜਾਣਗੇ ਪਰ ਜਿਸ ਤਰ੍ਹਾਂ ਦੀ ਸਥਿਤੀ ਬਣ ਚੁੱਕੀ ਹੈ ਇਹ ਜ਼ਿਮਨੀ ਚੋਣ ਜਿੱਤਣੀ ਕਾਂਗਰਸ ਲਈ ਸੌਖੀ ਨਹੀਂ ਜੋ ਪਾਟੋ-ਧਾੜ ਹੋਈ ਪਈ ਹੈ। ਦੂਸਰੇ ਪਾਸੇ ਵਿਰੋਧੀ ਧਿਰ ਹੋਂਦ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਅਕਾਲੀ ਭਾਜਪਾ, 'ਆਪ' ਦੇ ਮਜ਼ਬੂਤ ਆਧਾਰ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਅੱਜ ਕੁੱਝ ਕਾਂਗਰਸੀਆਂ ਨੇ ਕਿਹਾ ਕਿ ਇੰਝ ਜਾਪ ਰਿਹਾ ਹੈ ਜਿਸ ਤਰ੍ਹਾਂ ਸਰਕਾਰ ਨੇ 5 ਸਾਲ ਪੂਰੇ ਕਰ ਲਏ ਹਨ।