ਚੰਡੀਗਡ਼੍ਹ : ਜਿਨ੍ਹਾਂ ਨੇ ਆਪਣੇ ਕਾਰਜ ਕਾਲ ਦੌਰਾਨ ਆਪਣੀਆਂ ਹੱਦੋਂ ਵੱਧ ਘਟੀਆ ਨੀਤੀਆਂ ਨਾਲ ਕਿਸਾਨਾਂ ਨੂੰ ਕਰਜ਼ੇ ਦੇ ਜੰਜਾਲ ਵਿੱਚ ਧੱਕ ਦਿੱਤਾ ਸੀ। ਉਨ੍ਹਾਂ ਵੱਲੋਂ ਹੁਣ ਮੇਰੇ ਤੋਂ 90,000 ਕਰੋਡ਼ ਰੁਪਏ ਦੇ ਕਰਜ਼ਾ ਮੁਆਫੀ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਆਪਣੇ ਸੌਡ਼ੇ ਸਿਆਸੀ ਹਿੱਤਾਂ ਖ਼ਾਤਰ ਸਭ ਕਰ ਰਹੇ ਹਨ ਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ।” ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜ਼ਾ ਮਾਮਲੇ ਬਾਰੇ ਅਕਾਲੀ ਦਲ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਿਰਾਸ਼ਾ ਵਿੱਚ ਘਿਰੇ ਹੋਏ ਅਕਾਲੀ ਆਪਣੀ ਸਿਆਸੀ ਹੋਂਦ ਨੂੰ ਸੁਰਜੀਤ ਕਰਨ ਵਾਸਤੇ ਲੋਕਾਂ ਵਿੱਚ ਹਾਜ਼ਰੀ ਲਵਾਉਣ ਲਈ ਮੁੱਦੇ ਲੱਭਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਤੁਸੀਂ ਕਿਸਾਨਾਂ ਦੀ ਹਾਲਤ ਬਾਰੇ ਇੰਨੇ ਹੀ ਫਿਕਰਮੰਦ ਹੋ ਤਾਂ ਤੁਸੀਂ ਪਿਛਲੇ 10 ਵਰ੍ਹਿਆਂ ਦੌਰਾਨ ਕਿਸਾਨੀ ਭਾਈਚਾਰੇ ਨੂੰ ਉੱਚਾ ਚੁੱਕਣ ਲਈ ਕੁਝ ਵੀ ਕਿਉਂ ਨਹੀਂ ਕੀਤਾ? ਉਨ੍ਹਾਂ ਨੇ ਇਸ ਨਾਜ਼ੁਕ ਮੁੱਦੇ ਬਾਰੇ ਕੀਤੇ ਜਾ ਰਹੇ ਹੋ-ਹੱਲੇ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ।ਕੈਪਟਨ ਨੇ ਕਿਹਾ ਕਿ ਅਸਲ ਵਿੱਚ ਕਿਸਾਨਾਂ ਦੀ
ਤਰਸਯੋਗ ਹਾਲਤ ਪਿਛਲੀ ਅਕਾਲੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਹਨ। ਇਨ੍ਹਾਂ ਨੀਤੀਆਂ ਕਾਰਨ ਸੂਬੇ ਦਾ ਹਰੇਕ ਵਰਗ ਤਰਾਹ-ਤਰਾਹ ਕਰਨ ਲੱਗ ਪਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਨਾ ਕਿ ਤੋਹਮਤਬਾਜ਼ੀ ਵਿੱਚ ਗਲਤਾਨ ਹੋਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਮੁਡ਼ ਪੈਰਾਂ ‘ਤੇ ਲਿਆ ਰਹੀ ਹੈ ਜਿਸ ਨੂੰ ਅਕਾਲੀਆਂ ਨੇ ਤਹਿਸ-ਨਹਿਸ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਰਥਿਕਤਾ ਨੂੰ ਕੁਝ ਹੱਦ ਤੱਕ ਪੈਰਾਂ ‘ਤੇ ਲਿਆਂਦਾ ਹੈ ਤੇ ਕਰਜ਼ਾ ਮੁਆਫੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਲੋਡ਼ੀਂਦੇ ਫੰਡ ਪੈਦਾ ਕਰਨ ਲਈ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਇਸ ਵਾਸਤੇ ਪ੍ਰਭਾਵੀ ਕਾਰਜ ਕੀਤਾ ਗਿਆ ਹੈ ਪਰ ਅਕਾਲੀ ਆਪਣੇ ਸੌਡ਼ੇ ਸਿਆਸੀ ਹਿੱਤਾਂ ਨੂੰ ਹੁਲਾਰਾ ਦੇਣ ਲਈ ਕਿਸਾਨੀ ਕਰਜ਼ੇ ਮੁਆਫੀ ਦੇ ਮੁੱਦੇ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ।