ਕਰਜ਼ੇ ਦੀ ਮਾਰ ਪੰਜਾਬ 'ਚ ਵੱਧ ਰਹੇ ਨੇ ਖ਼ੁਦਕੁਸ਼ੀਆਂ ਦੇ ਅੰਕੜੇ

ਖ਼ਬਰਾਂ, ਪੰਜਾਬ



ਸੁਨਾਮ ਊਧਮ ਸਿੰਘ ਵਾਲਾ, 14 ਸਤੰਬਰ (ਦਰਸ਼ਨ ਸਿੰਘ ਚੌਹਾਨ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੂਬੇ ਅੰਦਰ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਕੀਤੀਆਂ ਖ਼ੁਦਕੁਸ਼ੀਆਂ ਦੇ ਹੈਰਾਨੀਜਨਕ ਤੱਥ ਸਾਹਮਣੇ ਲਿਆਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਰਾਜ ਅੰਦਰ 9 ਅਗੱਸਤ ਤੋਂ 9 ਸਤੰਬਰ ਤਕ 47 ਕਿਸਾਨ ਅਤੇ ਮਜ਼ਦੂਰ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਖ਼ੁਦਕੁਸ਼ੀ ਕਰ ਗਏ ਹਨ। ਕਿਸਾਨ ਜਥੇਬੰਦੀ ਵਲੋਂ ਜਾਰੀ ਸੂਚੀ ਮੁਤਾਬਕ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਵਿਚ ਜ਼ਿਆਦਾਤਰ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ ਅਤੇ ਮੁਕਤਸਰ ਨਾਲ ਸਬੰਧ ਰੱਖਦੇ ਹਨ। ਦੁਖਦਾਈ ਗੱਲ ਇਹ ਹੈ ਕਿ 19 ਅਗੱਸਤ ਨੂੰ ਸੱਤ ਕਰਜ਼ਾਈ ਕਿਸਾਨਾਂ ਨੇ ਵੱਖ-ਵੱਖ ਪਿੰਡਾਂ ਵਿਚ ਖ਼ੁਦਕੁਸ਼ੀ ਕੀਤੀ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਰਬਾਰਾ ਸਿੰਘ ਛਾਜਲਾ, ਸੁਖਪਾਲ ਸਿੰਘ ਮਾਣਕ, ਜਸਵੀਰ ਸਿੰਘ ਮੈਦੇਵਾਸ ਅਤੇ ਸੰਤ ਰਾਮ ਛਾਜਲੀ ਨੇ ਕਰਜੇ ਤੋਂ ਪ੍ਰੇਸ਼ਾਨ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਕੀਤੀਆਂ ਖ਼ੁਦਕੁਸ਼ੀਆਂ ਦੇ ਇਕੱਤਰ ਕੀਤੇ ਅੰਕੜਿਆਂ ਦੀ ਚੌਥੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਕਰਜ਼ਾਈ ਹੋਏ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਕਰਨ ਦੇ ਸਿਲਸਿਲੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਦਕਿ ਸੂਬਾ ਸਰਕਾਰ ਰਾਜ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਐਲਾਨ ਤੋਂ ਅੱਗੇ ਨਹੀਂ ਵੱਧ ਰਹੀ। ਉਨ੍ਹਾਂ ਕਿਹਾ ਕਿ 9 ਅਗੱਸਤ ਤੋਂ 9 ਸਤੰਬਰ ਤਕ 30 ਦਿਨਾਂ ਵਿਚ 47 ਕਿਸਾਨ ਅਤੇ ਮਜ਼ਦੂਰਾਂ ਨੇ ਕਰਜ਼ੇ ਦੀ ਮਾਰ ਕਾਰਨ ਮੌਤ ਨੂੰ ਗਲੇ ਲਾਇਆ ਹੈ। ਕਿਸਾਨ ਆਗੂਆਂ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਕੀਤੀਆਂ ਖ਼ੁਦਕੁਸ਼ੀਆਂ ਦੀ ਜਾਰੀ ਸੂਚੀ ਮੁਤਾਬਿਕ 10, 11 ਅਤੇ 14 ਅਗੱਸਤ ਨੂੰ ਤਿੰਨ-ਤਿੰਨ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ। ਉਨ੍ਹਾਂ ਲਿਖਿਆ ਕਿ 15 ਅਗੱਸਤ ਨੂੰ ਜਗਤਾਰ ਸਿੰਘ ਪਿੰਡ ਮਿਰਜੇਆਣਾ, ਕੁਲਦੀਪ ਸਿੰਘ ਕੋਟਲੀ, ਅਵਤਾਰ ਸਿੰਘ ਅਲੀਸ਼ੇਰ, ਸੁਖਜੀਤ ਸਿੰਘ ਅਜੀਤਵਾਲ, ਗੁਰਪੀ੍ਰਤ ਸਿੰਘ ਕਲਾਲਾ ਜਦਕਿ 19 ਅਗੱਸਤ ਨੂੰ ਕਰਜ਼ੇ ਦੇ ਸਤਾਏ ਸੱਤ ਕਿਸਾਨਾਂ ਕੁਲਦੀਪ ਸਿੰਘ, ਗੁਰਪੀ੍ਰਤ ਸਿੰਘ, ਹਰਮੇਲ ਸਿੰਘ, ਮੇਜ਼ਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ ਅਤੇ ਵਿਦਿਆਰਥੀ ਨਵਦੀਪ ਸਿੰਘ ਖ਼ੁਦਕੁਸ਼ੀ ਕਰ ਕੇ ਰੱਬ ਨੂੰ ਪਿਆਰੇ ਹੋ ਗਏ।

ਕਿਸਾਨ ਆਗੂਆਂ ਨੇ ਕਿਹਾ ਕਿ ਕਰਜ਼ੇ ਦੇ ਸਤਾਏ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਰੋਕਣ ਲਈ ਕੈਪਟਨ ਸਰਕਾਰ ਜਰਾ ਕੁ ਵੀ ਸੰਜੀਦਾ ਨਹੀਂ ਹੈ। ਕਰਜ਼ਾ ਮੁਆਫ਼ੀ ਦੇ ਨਾਮ ਤੇ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਕਤੀ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਰਾਜ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨ ਅਤੇ ਮਜ਼ਦੂਰ 22 ਸਤੰਬਰ ਤੋਂ ਪੰਜ ਦਿਨਾਂ ਤਕ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ।