ਕਰਜ਼ੇ ਨੇ ਇਕ ਹੋਰ ਨੌਜਵਾਨ ਦੀ ਲਈ ਜਾਨ

ਖ਼ਬਰਾਂ, ਪੰਜਾਬ

ਰਾਮਪੁਰਾ ਫੂਲ 24 ਸਤੰਬਰ (ਕੁਲਜੀਤ ਸਿੰਘ ਢੀਂਗਰਾ): ਆਰਥਕ ਤੰਗੀ ਦੇ ਚਲਦਿਆਂ ਇਕ ਨੌਜਵਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬਲਵਿੰਦਰ ਸਿੰਘ (23) ਪੁੱਤਰ ਦਲੀਪ ਸਿੰਘ ਨੇੜੇ ਦੇ ਪਿੰਡ ਸਲਾਬਤਪੁਰਾ ਦਾ ਵਾਸੀ ਸੀ। ਮ੍ਰਿਤਕ ਦੇ ਚਾਚਾ ਰਤਨ ਸਿੰਘ ਨੇ ਦਸਿਆ ਕਿ ਸ਼ੁਕਰਵਾਰ ਸ਼ਾਮ ਨੂੰ ਭਤੀਜੇ ਬਲਵਿੰਦਰ ਸਿੰਘ ਨੇ ਆਰਥਕ ਤੰਗੀ ਦੇ ਚਲਦਿਆਂ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਨੂੰ ਭਗਤਾ ਦੇ ਇਕ ਨਿਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਉਸ ਦੀ ਅੱਜ ਸਵੇਰੇ ਤਕਰੀਬਨ 4 ਵਜੇ ਮੌਤ ਹੋ ਗਈ।
ਮ੍ਰਿਤਕ ਦੀਆਂ 4 ਭੈਣਾਂ ਅਤੇ 1 ਭਰਾ ਸੀ, ਜਿਨ੍ਹਾਂ ਵਿਚੋਂ 3 ਭੈਣਾਂ ਦਾ ਵਿਆਹ ਹੋ ਚੁੱਕਾ ਸੀ ਅਤੇ ਚੌਥੀ ਭੈਣ ਦੇ ਵਿਆਹ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਚਿੰਤਤ ਸੀ ਅਤੇ ਮ੍ਰਿਤਕ ਨੇ ਤਕਰੀਬਨ 1 ਲੱਖ ਰੁਪਏ ਦਾ ਸਰਕਾਰੀ ਕਰਜ਼ਾ ਦੇਣਾ ਸੀ ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਬਲਵਿੰਦਰ ਸਿੰਘ 12ਵੀਂ ਪਾਸ ਹੋਣ ਦੇ ਬਾਵਜੂਦ ਵੀ ਅਪਣੇ ਪਰਵਾਰ ਦਾ ਪਾਲਣ ਪੋਸਣ ਕਰਨ ਲਈ ਦਿਹਾੜੀ ਕਰਦਾ ਸੀ।