ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਖ਼ਬਰਾਂ, ਪੰਜਾਬ


ਭੀਖੀ, 20 ਸਤੰਬਰ (ਬਹਾਦਰ ਖਾਨ/ਬਲਕਾਰ ਸਹੋਤਾ): ਨੇੜਲੇ ਪਿੰਡ ਕਿਸ਼ਨਗੜ੍ਹ ਫਰਮਾਹੀ ਵਿਖੇ ਇਕ ਨੌਜਵਾਨ ਕਿਸਾਨ ਵਲੋਂ ਕੋਈ ਜ਼ਹਿਰੀਲੀ ਚੀਜ ਪੀ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਿਸ਼ਨਗੜ੍ਹ ਫਰਮਾਹੀ ਦਾ ਕਿਸਾਨ ਜਗਸੀਰ ਸਿੰਘ (28) ਪੁੱਤਰ ਦਰਸ਼ਨ ਸਿੰਘ ਜਿਸ ਦੇ ਸਿਰ ਕਰੀਬ 4 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਨੇ ਕੁਝ ਸਮਾਂ ਪਹਿਲਾਂ ਅਪਣੀ ਜ਼ਮੀਨ ਵੇਚ ਕੇ ਅਪਣੀਆਂ ਭੈਣਾਂ ਦਾ ਵਿਆਹ ਕੀਤਾ ਸੀ, ਜਿਸ ਕਾਰਨ ਉਕਤ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੇ ਚੱਲਦਿਆਂ ਉਸ ਨੇ ਕੋਈ ਜ਼ਹਿਰੀਲੀ ਚੀਜ ਨਿਗਲ ਲਈ। ਜਿਸ ਕਾਰਨ ਉਸ ਦੀ ਮਾਨਸਾ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਭੀਖੀ ਪੁਲਿਸ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦਸਿਆ ਕਿ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ।