ਕੋਟਕਪੂਰਾ, 25 ਦਸੰਬਰ (ਗੁਰਿੰਦਰ ਸਿੰਘ) : ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਲੋਂ ਸਕੱਤਰ ਲੋਕ ਨਿਰਮਾਣ ਵਿਭਾਗ ਨੂੰ ਪੱਤਰ ਜਾਰੀ ਕਰ ਕੇ ਕੀਤੀ ਗਈ ਹਦਾਇਤ ਦਾ ਰੰਗ ਵਿਖਾਈ ਦੇਣ ਲੱਗ ਪਿਆ ਹੈ, ਕਿਉਂਕਿ ਗੰਗਾਨਗਰ, ਪਠਾਨਕੋਟ ਨੈਸ਼ਨਲ ਹਾਈਵੇ ਉੱਪਰ ਮਾਂ ਬੋਲੀ ਪੰਜਾਬੀ ਦਾ ਨਾਂ ਉੱਪਰ ਦੇ ਬੋਰਡ ਲਗਣੇ ਸ਼ੁਰੂ ਹੋ ਗਏ ਹਨ ਅਤੇ ਪਤਾ ਲੱਗਾ ਹੈ ਕਿ ਮੀਲ ਪੱਥਰ ਵੀ ਤਿਆਰ ਹਨ ਜੋ ਕੁਝ ਦਿਨਾਂ ਤਕ ਰਾਸ਼ਟਰੀ ਰਾਜ ਮਾਰਗ ਨੰਬਰ-54 'ਤੇ ਵੇਖਣ ਨੂੰ ਮਿਲਣਗੇ। ਗੌਰਤਲਬ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਲੋਂ ਹਦਾਇਤ ਕੀਤੀ ਗਈ ਸੀ ਕਿ ਰਾਸ਼ਟਰੀ ਰਾਜ ਮਾਰਗ ਨੰਬਰ-54 'ਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਸਬੰਧੀ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਰਾਸ਼ਟਰੀ ਰਾਜ ਮਾਰਗ 'ਤੇ ਮਾਂ ਬੋਲੀ ਪੰਜਾਬੀ ਨਾਲ ਹੋ ਰਿਹਾ ਵਿਤਕਰਾ ਬੰਦ ਕਰਨ ਲਈ ਬੇਨਤੀ ਕੀਤੀ ਸੀ। ਭਾਵੇਂ ਰਾਸ਼ਟਰੀ ਰਾਜ ਮਾਰਗ ਦੇ ਕਈ ਹਿੱਸਿਆਂ 'ਚ ਪੰਜਾਬੀ ਨੂੰ ਉੱਪਰ ਲਿਖ ਕੇ ਹੇਠਾਂ ਅੰਗਰੇਜ਼ੀ ਭਾਸ਼ਾ ਲਿਖੀ ਗਈ ਅਤੇ ਹਿੰਦੀ ਨੂੰ ਬਿਲਕੁਲ ਹੀ ਖ਼ਤਮ ਕਰ ਦਿਤਾ ਗਿਆ ਪਰ ਭਾਜਪਾ ਦੇ ਕੁਝ ਆਗੂਆਂ ਵਲੋਂ ਇਤਰਾਜ ਕਰਨ 'ਤੇ ਹਿੰਦੀ ਭਾਸ਼ਾ ਨੂੰ ਦੁਬਾਰਾ ਫਿਰ ਸ਼ਾਮਲ ਕਰ ਲਿਆ ਗਿਆ। ਹੁਣ ਪਹਿਲੇ ਨੰਬਰ 'ਤੇ ਪੰਜਾਬੀ, ਦੂਜੇ 'ਤੇ ਹਿੰਦੀ ਅਤੇ ਅੰਗਰੇਜੀ ਭਾਸ਼ਾ ਨੂੰ ਤੀਜੇ ਨੰਬਰ 'ਤੇ ਰੱਖ ਕੇ ਸਾਈਨ ਬੋਰਡ ਲਾਏ ਜਾ ਰਹੇ ਹਨ।