ਕੇਜਰੀਵਾਲ ਨੇ ਮੰਗੀ ਮਜੀਠੀਆ ਤੋਂ ਮਾਫ਼ੀ

ਖ਼ਬਰਾਂ, ਪੰਜਾਬ

ਚੰਡੀਗੜ੍ਹ, 15 ਮਾਰਚ (ਜੀ.ਸੀ. ਭਾਰਦਵਾਜ): ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅਪਣੇ ਵਕੀਲ ਰਾਹੀਂ ਅੰਮ੍ਰਿਤਸਰ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਇਕ ਅਰਜਨ ਸਿੰਘ ਨੂੰ ਚਿੱਠੀ ਸੌਂਪ ਕੇ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗ ਲਈ ਹੈ। ਅਪਣੀ ਚਿੱਠੀ ਵਿਚ ਕੇਜਰੀਵਾਲ ਨੇ ਲਿਖਿਆ ਹੈ ਕਿ ਡਰੱਗ ਦੇ ਮਾਮਲਿਆਂ ਸਬੰਧੀ ਲਗਾਏ ਦੋਸ਼ ਅਤੇ ਦਿਤੇ ਬਿਆਨ ਗ਼ਲਤ ਸਨ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਸੀ। ਅੱਜ ਇਥੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਕਰ ਕੇ ਮਜੀਠੀਆ ਨੇ ਦਸਿਆ ਕਿ ਇਕ ਸੂਬੇ ਦੇ ਮੁੱਖ ਮੰਤਰੀ ਵਲੋਂ ਲਿਖਤੀ ਮਾਫ਼ੀ ਮੰਗਣਾ ਵੱਡੀ ਗੱਲ ਹੈ। ਕੇਜਰੀਵਾਲ ਨੇ ਵੱਡਾਪਨ ਵਿਖਾਇਆ ਹੈ ਜਿਸ ਕਰ ਕੇ ਉਨ੍ਹਾਂ ਕੇਜਰੀਵਾਲ ਨੂੰ ਮਾਫ਼ ਕਰ ਦਿਤਾ ਹੈ ਅਤੇ ਹੁਣ 20 ਮਈ 2016 ਨੂੰ ਅੰਮ੍ਰਿਤਸਰ ਅਦਾਲਤ ਵਿਚ ਦਰਜ ਕੀਤਾ ਕਰੋੜਾਂ ਰੁਪਏ ਦੀ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ ਜਾਵੇਗਾ। ਮਜੀਠੀਆ ਨੇ ਇਸ ਕੇਸ ਵਿਚ ਇਹ ਵੀ ਮੰਗ ਕੀਤੀ ਸੀ ਕਿ ਕੇਜਰੀਵਾਲ ਜਾਂ ਤਾਂ ਝੂਠੇ ਦੋਸ਼ਾਂ ਬਦਲੇ ਮਾਫ਼ੀ ਮੰਗਣ ਜਾਂ ਫਿਰ ਜੇਲ ਜਾਣ ਲਈ ਤਿਆਰ ਰਹਿਣ। ਜ਼ਿਕਰਯੋਗ ਹੈ ਕਿ ਇਸ ਇਲਾਕੇ ਦੀ ਸੱਭ ਤੋਂ ਵੱਡੀ ਅੰਗਰੇਜ਼ੀ ਅਖ਼ਬਾਰ ਨੇ ਵੀ ਕੁੱਝ ਮਹੀਨੇ ਪਹਿਲਾਂ ਪਹਿਲੇ ਸਫ਼ੇ 'ਤੇ ਬਿਕਰਮ ਮਜੀਠੀਆ ਦੀ ਫ਼ੋਟੋ ਲਾ ਕੇ ਚਾਰ ਕਾਲਮ ਦੀ ਖ਼ਬਰ ਛਾਪ ਕੇ ਲਿਖਤੀ ਮਾਫ਼ੀ ਮੰਗੀ ਸੀ ਕਿਉਂਕਿ ਇਸ ਅਖ਼ਬਾਰ ਨੇ ਵੀ ਅਪਣੇ ਪੱਤਰਕਾਰ ਦੀ ਮਜੀਠੀਆ ਬਾਰੇ ਨਸ਼ਿਆਂ ਦਾ ਵਪਾਰ ਵਿਚ ਸ਼ਮੂਲੀਅਤ ਦੀ ਖ਼ਬਰ ਛਾਪੀ ਸੀ।