ਕੇਂਦਰ ਸਰਕਾਰ ਸੰਸਦ ਚਲਾਉਣ ਲਈ ਗੰਭੀਰ ਨਹੀਂ : ਜਾਖੜ

ਖ਼ਬਰਾਂ, ਪੰਜਾਬ

ਬਟਾਲਾ, ਗੁਰਦਾਸਪੁਰ, 12 ਮਾਰਚ (ਡਾ.ਹਰਪਾਲ ਸਿੰਘ ਬਟਾਲਵੀ, ਗੋਰਾ ਚਾਹਲ, ਹੇਮੰਤ ਨੰਦਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਅਪਣੇ ਰਾਜ ਵਿਚ ਹੋਏ ਵਿੱਤੀ ਘਪਲਿਆਂ 'ਤੇ ਪਰਦਾ ਪਾਉਣ ਲਈ ਸੰਸਦ ਨੂੰ ਚਲਾਉਣਾ ਨਹੀਂ ਚਾਹੁੰਦੀ ਹੈ। ਅੱਜ ਇਕ ਬਿਆਨ ਵਿਚ ਸੁਨੀਲ ਜਾਖੜ ਨੇ ਆਖਿਆ ਕਿ ਲੋਕ ਸਭਾ ਨੂੰ ਚਲਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਜੋ ਗਤੀਰੋਧ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਇਥੇ ਦੇਸ਼ ਸਾਹਮਣੇ ਗੰਭੀਰ ਚੁਨੌਤੀਆਂ ਸਬੰਧੀ ਚਰਚਾ ਕਰ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਪਿਛਲੇ ਸਮਿਆਂ ਵਿਚ ਨੀਰਵ ਮੋਦੀ ਵਰਗੇ ਮਾਮਲਿਆਂ ਵਿਚ ਵਿੱਤੀ ਘਪਲੇ ਸਾਹਮਣੇ ਆਏ ਹਨ ਉਨ੍ਹਾਂ ਕਾਰਨ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਸੰਸਦ ਚਲੇ ਤੇ ਇਥੇ ਉਸ ਦੇ ਰਾਜ ਵਿਚ ਹੋਈਆਂ ਵਿੱਤੀ ਗੜਬੜੀਆਂ ਦੀ ਚਰਚਾ ਹੋਵੇ। ਇਸ ਮੌਕੇ ਉ੍ਹਨਾਂ ਨਾਲ ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਹਾਜ਼ਰ ਸਨ।