ਕੇਂਦਰੀ ਜੇਲ ਗੁਰਦਾਸਪੁਰ ਵਿਚ ਕੈਦੀ ਦੀ ਮੌਤ

ਖ਼ਬਰਾਂ, ਪੰਜਾਬ

ਗੁਰਦਾਸਪੁਰ: ਕੇਂਦਰੀ ਜੇਲ ਗੁਰਦਾਸਪੁਰ ਵਿਚ ਹਤਿਆ ਦੇ ਦੋਸ਼ੀ ਜੋ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ, ਦੀ ਅਚਾਨਕ ਬੀਮਾਰ ਹੋਣ ਤੋਂ ਬਾਅਦ ਬੀਤੀ ਰਾਤ ਮੌਤ ਹੋ ਗਈ। ਕੇਂਦਰੀ ਜੇਲ ਪ੍ਰਸ਼ਾਸਨ ਨੇ ਉਕਤ ਕੈਦੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿਤੀ ਹੈ। 

ਜਾਣਕਾਰੀ ਦਿੰਦਿਆਂ ਹੋਏ ਜੇਲ ਐਸ.ਪੀ. ਰਣਧੀਰ ਉੱਪਲ ਨੇ ਦਸਿਆ ਕਿ ਮ੍ਰਿਤਕ ਦੀ ਪਹਿਚਾਣ ਵਰਿੰਦਰ ਕੁਮਾਰ (50) ਪੁੱਤਰ ਰਾਮ ਦਾਸ ਨਿਵਾਸੀ ਕਠੁਆ (ਜੰਮੂ ਕਸ਼ਮੀਰ) ਰੂਪ ਵਿਚ ਹੋਈ ਹੈ । ਇਸ ਦੇ ਰਿਸ਼ਤੇਦਾਰ ਸੁਜਾਨਪੁਰ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਦੋਸ਼ੀ ਵਰਿੰਦਰ ਕੁਮਾਰ ਨੂੰ 31-7-2002 ਵਿਚ ਹਤਿਆ ਦੇ ਦੋਸ਼ੀ ਪਾਏ ਜਾਣ 'ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬੀਤੀ ਰਾਤ ਕਰੀਬ 8 ਵਜੇ ਅਚਾਨਕ ਇਸ ਨੂੰ ਬੀ.ਪੀ. ਵਧਣ ਦੀ ਸ਼ਿਕਾਇਤ ਹੋਈ। 

ਜੇਲ ਪ੍ਰਸ਼ਾਸਨ ਨੇ ਤੁਰਤ ਇਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਭਰਤੀ ਕਰਵਾ ਦਿਤਾ ਜਿਥੇ ਕੁੱਝ ਦੇਰ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਪਰ ਅੰਮ੍ਰਿਤਸਰ ਜਾਂਦੇ ਹੋਏ ਰਸਤੇ ਵਿਚ ਹੀ ਵਰਿੰਦਰ ਕੁਮਾਰ ਦੀ ਮੌਤ ਹੋ ਗਈ। ਉਨ੍ਹਾਂ ਨੇ ਦਸਿਆ ਕਿ ਮ੍ਰਿਤਕ ਦਾ ਮੈਡੀਕਲ ਕਰਵਾ ਕੇ ਲਾਸ਼ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ ਹੈ।