ਖਾਧ ਪਦਾਰਥਾਂ ਦੇ ਉਤਪਾਦਨ ਖੇਤਰ ਵਿਚ ਨਿਵੇਸ਼ ਦੇ ਭਾਰੀ ਮੌਕੇ: ਰਾਸ਼ਟਰਪਤੀ

ਖ਼ਬਰਾਂ, ਪੰਜਾਬ

ਨਵੀਂ ਦਿੱਲੀ, 5 ਨਵੰਬਰ (ਸੁਖਰਾਜ ਸਿੰਘ): ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਾਲੇ ਫ਼ੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਦੀ ਅਗਵਾਈ ਹੇਠ ਹੋਏ ਵਰਲਡ ਫ਼ੂਡ ਇੰਡੀਆ (ਡਬਲਿਊਐਫ਼ਆਈ)-2017 ਵਿਚ 74,964 ਕਰੋੜ ਰੁਪਏ ਦਾ ਪ੍ਰਤੀਬੱਧ ਨਿਵੇਸ਼ ਹੋਣ ਨਾਲ ਅੱਜ ਭਾਰਤੀ ਫ਼ੂਡ ਪ੍ਰੋਸੈਸਿੰਗ ਇੰਡਸਟਰੀ ਨੇ ਗਲੋਬਲ ਸਟੇਜ ਉੱਤੇ ਅਪਣੇ ਕਦਮ ਪਾ ਲਏ ਹਨ।
ਵਰਲਡ ਫ਼ੂਡ ਇੰਡੀਆ ਦੇ ਵਿਦਾਇਗੀ ਸਮਾਗਮ ਮੌਕੇ ਵਿਗਿਆਨ ਭਵਨ ਵਿਖੇ ਇਕ ਚੋਣਵਂੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦੀ ਖਾਧ ਪਦਾਰਥ ਖਪਤ 2025 ਤਕ 1,000 ਅਰਬ ਡਾਲਰ ਤਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਖਾਧ ਪਦਾਰਥਾਂ ਦੇ ਉਤਪਾਦਨ ਤੋਂ ਲੈ ਕੇ ਵੰਡ ਤਕ ਦੀ ਪੂਰੀ ਮੁੱਲ ਲੜੀ ਵਿਚ ਦੇਸੀ ਵਿਦੇਸ਼ੀ ਨਿਵੇਸ਼ੀ ਲਈ ਭਾਰੀ ਮੌਕੇ ਹਨ। ਉਨ੍ਹਾਂ ਕਿਹਾ ਕਿ ਇਹ ਅਜਿਹਾ ਖੇਤਰ ਹੈ ਜਿਸ ਵਿਚ ਕਾਰੋਬਾਰ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤ ਦੇ ਪਹਿਲੇ ਖ਼ੁਰਾਕ ਮੇਲੇ ਦੀ ਕਾਮਯਾਬ ਮੇਜ਼ਬਾਨੀ ਦੀ ਸਰਾਹਨਾ ਕੀਤੀ ਅਤੇ ਡੇਲੀਗੇਟਾਂ ਨੂੰ ਆਖਿਆ ਕਿ ਬੀਬਾ ਹਰਮਿਸਰਤ ਕੌਰ ਬਾਦਲ ਵਾਸਤੇ ਜ਼ੋਰਦਾਰ ਤਾੜੀਆਂ ਮਾਰਨ, ਜਿਨ੍ਹਾਂ ਨੇ ਇਸ ਮੇਲੇ ਨੂੰ ਕਾਮਯਾਬ ਬਣਾਉਣ ਵਿਚ ਸ਼ਾਨਦਾਰ ਭੂਮਿਕਾ ਨਿਭਾਈ।
ਇਸ ਮੌਕੇ ਉਨ੍ਹਾਂ ਨਵਂੇ ਸਟਾਰਟ ਅਪਸ ਅਤੇ ਹੈਕਾਥੋਨ ਚੈਲੰਜ ਦੇ ਜੇਤੂਆਂ ਨੂੰ ਇਨਾਮ ਵੀ ਦਿਤੇ। ਅਪਣਾ ਮੁੱਖ ਭਾਸ਼ਣ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ 74,964 ਕਰੋੜ ਰੁਪਏ ਦੇ ਕੁਲ ਨਿਵੇਸ਼ ਵਿਚੋਂ ਅਮਰੀਕਾ, ਫ਼ਰਾਂਸ, ਨੀਦਰਲੈਂਡ ਅਤੇ ਯੂਏਈ ਦੇ ਗਲੋਬਲ ਨਿਵੇਸ਼ਕਾਂ ਨੇ 38,936 ਕਰੋੜ ਰੁਪਏ ਨਿਵੇਸ਼ ਕੀਤੇ ਹਨ।
ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਵਿਚ ਸੱਭ ਤੋਂ ਉਪਰ ਪੈਪਸੀ ਕੋਅ ਹੈ, ਜਿਸ ਨੇ 13,340 ਕਰੋੜ ਰੁਪਏ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਕੀਤੀ ਹੈ, ਉਸ ਤਂੋ ਬਾਅਦ ਕੋਕਾ ਕੋਲਾ ਨੇ 11,000 ਕਰੋੜ ਰੁਪਏ, ਆਈਟੀਸੀ ਅਤੇ ਪਤੰਜਲੀ ਦੋਵਾਂ ਨੇ ਇਕ-ਇਕ ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦੀ ਪ੍ਰਤੀਬੱਧਤਾ ਕੀਤੀ ਹੈ।
ਕੇਦਰੀ ਮੰਤਰੀ ਨੇ ਕਿਹਾ ਕਿ ਸੱਭ ਤੋਂ ਜ਼ਿਆਦਾ ਐਮਓਯੂਜ਼ ਪੰਜਾਬ ਅਤੇ ਹਰਿਆਣਾ ਰਾਜਾਂ ਨੇ ਸਹੀਬੱਧ ਕੀਤੇ ਹਨ। ਪੰਜਾਬ ਨੇ 2556 ਕਰੋੜ ਰੁਪਏ ਦੀ ਲਾਗਤ ਵਾਲੇ 35 ਐਮਓਯੂਜ਼ ਸਹੀਬੱਧ ਕੀਤੇ ਹਨ ਜਦਕਿ ਹਰਿਆਣਾ ਨੇ 2080 ਕਰੋੜ ਰੁਪਏ ਦੀ ਲਾਗਤ ਵਾਲੇ 44 ਐਮਓਯੂਜ਼ ਸਹੀਬੱਧ ਕੀਤੇ ਹਨ। ਉਨ੍ਹਾਂ ਕਿਹਾ ਕਿ ਦੋ ਹੋਰ ਰਾਜਾਂ ਮਹਾਰਾਸ਼ਟਰ ਅਤੇ ਤੇਲਗਾਨਾ ਨੇ ਡਬਲਿਊਐਫਆਈ ਦੌਰਾਨ ਅਪਣੀ ਫ਼ੂਡ ਪ੍ਰੋਸੈਸਿੰਗ ਨੀਤੀ ਦਾ ਐਲਾਨ ਕੀਤਾ।
ਉਨ੍ਹਾਂ ਬਾਕੀ ਰਾਜਾਂ ਨੂੰ ਵੀ ਬੇਨਤੀ ਕੀਤੀ ਕਿ ਫ਼ੂਡ ਪ੍ਰੋਸੈਸਿੰਗ ਵਿਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਉਹ ਵੀ ਅਜਿਹੀਆਂ ਨੀਤੀਆਂ ਲੈ ਕੇ ਆਉਣ। ਮੇਲੇ ਬਾਰੇ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਸ ਮੇਲੇ ਵਿਚ 8600 ਡੇਲੀਗੇਟਾਂ ਅਤੇ 40 ਹਜ਼ਾਰ ਦੇ ਕਰੀਬ ਲੋਕਾਂ ਨੇ ਭਾਗ ਲਿਆ।
ਇਸ ਮੇਲੇ ਦੌਰਾਨ ਕਲ ਇਕ ਵੱਡੀ ਕੜਾਹੀ ਵਿਚ 918 ਕਿਲੋ ਖਿਚੜੀ ਬਣਾ ਕੇ ਗਿਨੀਜ਼ ਬੁੱਕ ਰੀਕਾਰਡ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਖਿਚੜੀ ਇਸ ਲਈ ਬਣਾਈ ਤਾਕਿ ਪੁਰਾਤਨ ਅਨਾਜਾਂ ਦੇ ਮਿਸ਼ਰਣ ਤੋਂ ਬਣਿਆ ਇਹ ਵਿਅੰਜਨ ਦੁਨੀਆਂ ਵਿਚ ਮਸ਼ਹੂਰ ਹੋਵੇ ਅਤੇ ਇਸ ਨਾਲ ਇਨ੍ਹਾਂ ਅਨਾਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਮਦਦ ਹੋਵੇ।
ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਕਦਮ ਖਿਚੜੀ ਅਤੇ ਭਾਰਤੀ ਕਿਸਾਨਾਂ ਨੂੰ ਪੂਰੀ ਦੁਨੀਅਂ ਵਿਚ ਮਕਬੂਲ ਕਰ ਦੇਵੇਗਾ। ਇਹ ਕਹਿੰਦਿਅਂ— ਕਿ ਇਹ ਪ੍ਰਾਪਤੀ ਸੰਭਵ ਹੋ ਪਾਈ ਕਿਉਂਕਿ ਉਨ੍ਹਾਂ ਅਪਣੇ ਸਹੁਰਾ ਸਾਹਿਬ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਪਣੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਹਮੇਸ਼ਾ ਵੱਡੇ ਟੀਚੇ ਰੱਖਣਾ ਸਿਖਿਆ ਹੈ।
ਉਨ੍ਹਾਂ ਕਿਹਾ ਕਿ  ਉਨ੍ਹਾਂ ਨੇ ਡਬਲਿਊਐਫਆਈ ਨੂੰ ਦੁਨੀਆਂ ਦੇ ਸੱਭ ਤੋਂ ਵਧੀਆ ਖ਼ੁਰਾਕ ਮੇਲਿਆਂ ਦੇ ਹਾਣ ਦਾ ਕਰ ਦਿਤਾ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ 2019 ਵਿਚ ਅਗਲਾ ਡਬਲਿਊਐਫ਼ਆਈ ਇਸ ਨਾਲੋਂ ਵੀ ਵੱਡਾ ਅਤੇ ਵਧੀਆ ਹੋਵੇਗਾ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੈਸਟ ਸਟਾਰਟ ਅਪਸ ਅਤੇ ਹੈਕਾਥੋਨ ਚੈਲੰਜ ਦੇ ਜੇਤੂਆਂ ਨੂੰ ਇਨਾਮ ਦਿਤੇ।