ਖਹਿਰਾ ਮਾਮਲੇ 'ਚ ਸਿਮਰਜੀਤ ਬੈਂਸ ਦਾ ਵੱਡਾ ਖੁਲਾਸਾ, ਆਡੀਓ ਜਾਰੀ ਕਰਕੇ ਮਚਾਈ ਤੜਥੱਲੀ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੁਖਪਾਲ ਖਹਿਰਾ ਦੇ ਪੱਖ 'ਚ ਅੱਜ ਇਕ ਆਡੀਓ ਰਿਲੀਜ਼ ਕਰਕੇ ਸਿਆਸੀ ਗਲਿਆਰਾਂ 'ਚ ਤੜਥੱਲੀ ਮਚਾ ਦਿੱਤੀ ਹੈ।  ਇਸ ਆਡੀਓ 'ਚ ਮੁਅੱਤਲ ਕੀਤੇ ਗਏ ਪੀ. ਸੀ. ਐੱਸ. ਅਧਿਕਾਰੀਆਂ ਅਮਿਤ ਚੌਧਰੀ ਅਤੇ ਟੀ. ਕੇ. ਗੋਇਲ ਦੀ ਗੱਲਬਾਤ ਨੂੰ ਸੁਣਿਆ ਗਿਆ ਹੈ, ਜਿਸ 'ਚ ਜੱਜ ਏ. ਬੀ. ਚੌਧਰੀ ਨੂੰ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਰਿਵੀਜ਼ਨ ਪਟੀਸ਼ਨ ਰੱਦ ਕਰਨ ਲਈ 35 ਲੱਖ ਰੁਪਿਆ ਦੇਣ ਦੀ ਗੱਲ ਕਹੀ ਜਾ ਰਹੀ ਹੈ। 

ਅਮਿਤ ਚੌਧਰੀ ਬਾਦਲ ਸਰਕਾਰ ਦੇ ਸਮੇਂ ਡਿਪਟੀ ਐਡਵੋਕੇਟ ਜਨਰਲ ਪੰਜਾਬ ਦੇ ਅਹੁਦੇ 'ਤੇ ਰਹਿ ਚੁੱਕਾ ਹੈ। ਇਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਇਸ ਸਾਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਾਉਣ ਦੀ ਮੰਗ ਕੀਤੀ ਹੈ ਅਤੇ ਇਸ ਮਾਮਲੇ 'ਚ ਅੱਜ ਸ਼ਾਮ ਨੂੰ ਪੰਜਾਬ ਦੇ ਗਵਰਨਰ ਨੂੰ ਮਿਲਣ ਦੀ ਵੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਮਿਲਣ ਲਈ ਸਮਾਂ ਵੀ ਲੈ ਰਹੇ ਹਾਂ। ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸਾਰੀ ਗੱਲਬਾਤ ਦੀ ਵੀਡੀਓ ਟੇਪ ਵੀ ਹੈ, ਜੋ ਉਹ ਸੀ. ਬੀ. ਆਈ. ਦੀ ਜਾਂਚ ਦੇ ਸਮੇਂ ਅਤੇ ਅਦਾਲਤ 'ਚ ਪੇਸ਼ ਕਰਨਗੇ।