ਖਹਿਰਾ ਨੂੰ ਝਟਕਾ, ਨਜ਼ਰਸਾਨੀ ਪਟੀਸ਼ਨ ਰੱਦ

ਖ਼ਬਰਾਂ, ਪੰਜਾਬ

ਚੰਡੀਗੜ੍ਹ, 17 ਨਵੰਬਰ, (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਨੇਤਾ ਵਿਰੋਧੀ ਧਿਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਨਜ਼ਰਸਾਨੀ ਪਟੀਸ਼ਨ ਖਾਰਜ ਕਰ ਦਿਤੀ ਹੈ। ਹਾਈ ਕੋਰਟ ਦੇ ਜਸਟਿਸ ਏਬੀ ਚੌਧਰੀ ਦੇ ਇਸ 30 ਪੰਨਿਆਂ ਵਾਲੇ ਫ਼ੈਸਲੇ ਨਾਲ ਸਪਸ਼ਟ ਹੈ ਕਿ ਖਹਿਰਾ ਨੂੰ ਕਰੀਬ ਢਾਈ ਸਾਲ ਪੁਰਾਣੇ ਨਸ਼ਾ ਤਸਕਰੀ ਦੇ ਇਕ ਕੇਸ ਤਹਿਤ ਫ਼ਾਜ਼ਿਲਕਾ ਅਦਾਲਤ  ਦੀ ਕਾਰਵਾਈ ਦਾ ਸਾਹਮਣਾ ਕਰਨਾ ਹੀ ਪਵੇਗਾ। ਹਾਈ ਕੋਰਟ ਨੇ ਖਹਿਰਾ ਨੂੰ ਥੋੜੀ ਰਾਹਤ ਦਿੰਦਿਆਂ ਫਾਜ਼ਿਲਕਾ ਦੀ ਵਧੀਕ ਸੈਸ਼ਨ ਜੱਜ ਅਦਾਲਤ ਵਲੋਂ ਜਾਰੀ ਕੀਤੇ ਗ਼ੈਰ-ਜ਼ਮਾਨਤੀ ਵਾਰੰਟ ਵੀ ਰੱਦ ਕਰ ਦਿਤੇ ਹਨ ਤੇ ਨਾਲ ਹੀ ਖਹਿਰਾ ਨੂੰ ਹੇਠਲੀ ਅਦਾਲਤ ਕੋਲ ਪੇਸ਼ਗੀ/ਪੱਕੀ ਜ਼ਮਾਨਤ ਲਈ ਪਹੁੰਚ ਕਰਨ ਦੀ ਵੀ ਖੁਲ੍ਹ ਦੇ ਦਿਤੀ ਹੈ। ਨਾਲ ਹੀ ਸਬੰਧਤ  ਫ਼ਾਜ਼ਿਲਕਾ ਅਦਾਲਤ ਨੂੰ ਮੈਰਿਟ ਦੇ ਆਧਾਰ 'ਤੇ ਪਟੀਸ਼ਨਰ ਦੀ ਪੇਸ਼ਗੀ/ਪੱਕੀ ਜ਼ਮਾਨਤ ਦੀ ਅਰਜ਼ੀ 'ਤੇ ਕਾਰਵਾਈ ਦੀ ਉਚੇਚੀ ਤਾਕੀਦ ਵੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਬੈਂਚ ਨੇ ਅਪਣੇ ਫ਼ੈਸਲੇ ਤਹਿਤ ਸਪਸ਼ਟ ਤੌਰ ਉਤੇ ਕਿਹਾ ਕਿ ਪਟੀਸ਼ਨਰ ਵਿਰੁਧ ਇੰਨੀ ਜਲਦੀ ਗ਼ੈਰਜ਼²ਮਾਨਤੀ ਵਾਰੰਟ ਜਾਰੀ ਕਰਨਾ ਉਚਿਤ ਨਹੀਂ ਸੀ। ਨਾਲ ਫੈਸਲੇ ਚ ਕਿਹਾ ਗਿਆ ਕਿ ਮੁਢਲੇ ਤੌਰ ਉਤੇ ਜੋ ਸੁਬੂਤ ਇਸ ਮਾਮਲੇ ਵਿਚ ਦਿੱਤੇ ਜਾ ਰਹੇ ਹਨ ਉਨ੍ਹਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਮੰਨਿਆ ਕਿ ਪਟੀਸ਼ਨਰ ਸੁਖਪਾਲ ਸਿੰਘ ਖਹਿਰਾ ਨੇ ਹੀ ਦੋ ਸਾਲ ਪਹਿਲਾਂ ਖੁਦ ਇਕ ਵਾਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ, ਪਰ ਬਾਅਦ ਵਿਚ ਉਸ ਨੇ ਹੀ ਮਾਰਚ 2017 'ਚ ਇਹ ਪਟੀਸ਼ਨ ਵਾਪਸ ਕਿਉਂ ਲਈ?  ਇਹ ਤੱਥ  ਵੀ ਸ਼ੱਕ ਪੈਦਾ ਕਰਦਾ ਹੈ। 

ਮਾਮਲੇ ਦਾ ਸੰਖੇਪ : ਮਾਰਚ 2015 ਵਿਚ ਸੁਖਪਾਲ ਸਿੰਘ ਖਹਿਰਾ  ਦੇ ਕਰੀਬੀ ਅਤੇ ਭੁਲੱਥ ਮਾਰਕੀਟ ਕਮੇਟੀ ਦੇ ਚੇਅਰਮੈਨ  ਗੁਰਦੇਵ ਸਿੰਘ ਸਣੇ  10 ਹੋਰ ਵਿਅਕਤੀਆਂ  ਨੂੰ ਫਾਜਿਲਕਾ ਪੁਲਿਸ ਨੇ ਪਾਕਿਸਤਾਨ ਵਲੋਂ ਹੈਰੋਇਨ ਅਤੇ ਸੋਨਾ ਤਸਕਰੀ  ਦੇ ਇਲਜ਼ਾਮ ਵਿੱਚ ਗਿਰਫਤਾਰ ਕੀਤਾ ਸੀ।  ਪੁਲਿਸ ਨੇ ਸਮਗਲਰਾਂ ਕੋਲੋਂ ਦੋ ਕਿੱਲੋਗ੍ਰਾਮ ਹੈਰੋਇਨ,  24 ਸੋਨ ਬਿਸਕਿਟ,  ਇੱਕ ਪਾਕਿਸਤਾਨੀ  ਮੋਬਾਇਲ ਸਿਮ ਅਤੇ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਸੀ।  ਗੁਰਦੇਵ ਸਿੰਘ  ਫਾਜਿਲਕਾ ਦੇ ਰਸਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਸੀ। ਅਪਣੇ ਗਰੋਹ ਰਾਹੀਂ ਹੈਰੋਇਨ ਇੰਗਲੈਂਡ ਵਿੱਚ ਮੇਜਰ ਸਿੰਘ  ਨੂੰ ਭੇਜੀ ਜਾਂਦੀ ਸੀ।  ਮੇਜਰ ਸਿੰਘ ਦੇ ਪਾਕਿਸਤਾਨ ਵਿਚ ਤਸਕਰ ਇਮਤਿਆਜ਼ ਅਲੀ ਨਾਲ  ਸੰਬੰਧ ਸਨ। ਉਸ ਸਮੇਂ ਖਹਿਰਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਲਾਂਕਿ  ਪੁਲਿਸ ਨੇ ਖਹਿਰਾ ਦੇ ਵਿਰੁਧ ਕੇਸ ਦਰਜ ਨਹੀਂ ਕੀਤਾ ਸੀ।