'ਕੀ ਇਹ ਉਹੀ ਅਕਾਲੀ ਦਲ ਹੈ ਜੋ ਕਦੇ ਖੰਡੇ ਦੀ ਧਾਰ 'ਤੇ ਨਚਦਾ ਸੀ'?

ਖ਼ਬਰਾਂ, ਪੰਜਾਬ

ਤਰਨਤਾਰਨ, 15 ਦਸੰਬਰ (ਚਰਨਜੀਤ ਸਿੰਘ): ਅਕਾਲੀ ਦਲ ਨੇ ਅੱਜ ਅਪਣਾ 97ਵਾਂ ਸਥਾਪਨਾ ਦਿਵਸ ਮਨਾ ਲਿਆ। ਕਾਂਗਰਸ ਤੋ ਬਾਅਦ ਅਕਾਲੀ ਦਲ ਦੇਸ਼ ਦੀ ਇਕੋ ਇਕ ਰਾਜਨੀਤਕ ਪਾਰਟੀ ਹੈ ਜਿਸ ਨੇ ਇਕ ਲੰਮਾਂ ਸਮਾ ਸੰਘਰਸ਼ ਵਿਚ ਬਤੀਤ ਕੀਤਾ। ਅੱਜ ਦੀਵਾਨ ਹਾਲ ਮੰਜੀ ਸਾਹਿਬ ਵਿਚ ਅਕਾਲੀ ਦਲ ਦੇ ਵਰਕਰਾਂ ਦੀ ਹਾਲਤ ਵੇਖ ਕੇ ਹਰ ਪੰਥ ਦਰਦੀ ਖ਼ੂਨ ਦੇ ਹੰਝੂ ਵਹਾ ਰਿਹਾ ਸੀ। ਬੇਸ਼ਕ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪਹਿਲੇ ਪ੍ਰਧਾਨ ਸ. ਸਰਮੁਖ ਸਿੰਘ ਝੁਬਾਲ, ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਜਿਹੀਆਂ ਪੰਥਕ ਸ਼ਖ਼ਸੀਅਤਾਂ ਦਾ ਨਾਮ ਲੈ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੁਆਰਾ ਸਿਰਜੇ ਇਤਿਹਾਸ ਨੂੰ ਯਾਦ ਕੀਤਾ ਪਰ ਪਾਰਟੀ ਦੇ ਕੁੱਝ ਵਰਕਰਾਂ ਤੇ ਪਾਰਟੀ ਦੇ ਕੁੱਝ ਅਹੁਦੇਦਾਰਾਂ ਨੂੰ ਵੇਖ ਕੇ ਨਹੀਂ ਸੀ ਲਗ ਰਿਹਾ ਕਿ ਇਹ ਉਹੀ ਅਕਾਲੀ ਦਲ ਹੈ ਜੋ ਕਦੇ ਖੰਡੇ ਦੀ ਧਾਰ 'ਤੇ ਨਚਦਾ ਸੀ। ਇਥੇ ਹੀ ਬਸ ਨਹੀਂ, ਅਕਾਲੀ ਦਲ ਦੇ ਕੁੱਝ ਆਗੂਆਂ ਤੇ ਵਰਕਰਾਂ ਦੇ ਚਿਹਰੇ ਵਿਚੋਂ ਅਕਾਲੀ ਦਲ ਦਾ ਪੰਥਕ ਸਰੂਪ ਵੀ ਗ਼ਾਇਬ ਸੀ। ਅੱਜ ਦੇ ਸਮਾਗਮ ਵਿਚ ਦਿੱਲੀ ਤੋਂ ਸ. ਮਨਜੀਤ ਸਿੰਘ ਜੀਕੇ ਅਗਵਾਈ ਹੇਠ ਹੀ ਸੰਗਤ ਆਈ ਜਦਕਿ ਬਾਕੀ ਰਾਜਾਂ ਜਿਥੇ-ਜਿਥੇ ਵੀ ਅਕਾਲੀ ਦਲ ਦੀਆਂ ਇਕਾਈਆਂ ਹਨ, ਨਦਾਰਦ ਰਹੀਆਂ। ਬੇਸ਼ਕ ਸੰਗਤ ਦੇ ਭਾਰੀ ਇਕੱਠ ਹੋਣ ਦੇ ਦਾਅਵੇ ਕੀਤੇ ਜਾਂ ਰਹੇ ਹਨ ਪਰ ਅਸਲੀਅਤ ਇਹ ਸੀ ਕਿ ਸਾਰੇ ਸਮਾਗਮ ਵਿਚ ਵਰਕਰਾਂ ਦੀ ਗਿਣਤੀ 2000 ਦਾ ਅੰਕੜਾ ਵੀ ਪਾਰ ਨਾ ਕਰ ਸਕੀ ਜਿਸ ਪਾਰਟੀ ਨੇ ਪੰਜਾਬ ਤੇ ਲਗਾਤਾਰ 10 ਸਾਲ ਤਕ ਰਾਜ ਕੀਤਾ ਹੋਵੇ ਉਸ ਲਈ ਇਹ ਵਿਚਾਰਨ ਦੀ ਘੜੀ ਹੈ। 

ਅਕਾਲੀ ਦਲ ਜਦ ਦਾ ਪੰਥਕ ਪਾਰਟੀ ਛਡ ਕੇ ਪੰਜਾਬੀ ਪਾਰਟੀ ਬਣਿਆ ਉਸ ਸਮੇ ਤੋ ਇਸ ਦੀ ਹਾਲਤ ਦਿਨੋ ਦਿਨ ਨਿਵਾਣ ਵਲ ਜਾ ਰਹੀ ਹੈ। ਪੰਜਾਬ ਜਿਥੇ ਅਕਾਲੀ ਦਲ ਨੇ 10 ਸਾਲ ਤਕ ਰਾਜ ਕੀਤਾ, ਵਿਚ 12500 ਦੇ ਕਰੀਬ ਪਿੰਡ ਹਨ ਜੇ ਇਕ ਪਿੰਡ ਵਿਚੋਂ ਇਕ ਵਿਅਕਤੀ ਵੀ ਆਉਂਦਾ ਤਾਂ ਅੱਜ ਦੇ ਇਕੱਠ ਵਿਚ 12500 ਵਿਅਕਤੀ ਹੋਣੇ ਸਨ। ਅੱਜ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਵਿਚ ਜੋਸ਼ ਭਰਨ ਲਈ ਜਬਰ ਤੇ ਜੁਲਮ ਵਿਰੁਧ ਡਟਣ ਦਾ ਸੱਦਾ ਦਿਤਾ ਜਦਕਿ ਉਨ੍ਹਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਇਤਿਹਾਸ ਨੂੰ ਯਾਦ ਕਰਵਾਉਂਦਿਆਂ ਦਸਿਆ ਕਿ ਅਸੀ ਅੰਗਰੇਜ਼ ਤੋਂ ਨਹੀਂ ਡਰੇ, ਕਾਂਗਰਸ ਦੇ ਜੁਲਮਾਂ ਨੂੰ ਅਸੀਂ ਹੀ ਠਲ੍ਹ ਪਾਈ।  ਪੰਜਾਬੀ ਪਾਰਟੀ ਬਣ ਚੁੱਕੇ ਅਕਾਲੀ ਦਲ ਨੂੰ ਯਾਦ ਆਇਆ ਪੰਥਕ ਏਜੰਡਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਸੂਬੇ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਅਤੇ ਦਰਿਆਈ ਪਾਣੀਆਂ ਲਈ ਲੜਾਈ ਲੜੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ। ਉਹਨਾਂ ਕਿਹਾ ਕਿ ਮੈਂ ਕਿਸੇ ਵੀ ਅੰਦੋਲਨ ਦੀ ਸਭ ਤੋਂ ਅੱਗੇ ਹੋ ਕੇ ਅਗਵਾਈ ਕਰਨ ਲਈ ਵਚਨਬੱਧ ਹਾਂ ਅਤੇ ਕਿਸੇ ਇੱਕ ਵੀ ਅਕਾਲੀ ਵਰਕਰ ਖ਼ਿਲਾਫ ਧੱਕੇਸ਼ਾਹੀ ਨਹੀਂ ਹੋਣ ਦਿਆਂਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਇੱਕ ਪਾਰਟੀ ਦਫਤਰ ਬਣਾਉਣ ਦਾ ਵੀ ਐਲਾਨ ਕੀਤਾ। ਅੱਜ ਦੇ ਸਮਾਗਮ ਵਿਚ ਟਕਸਾਲੀ ਅਕਾਲੀ ਹੀ ਬੋਲੇ ਜਿਨਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਮਨਜੀਤ ਸਿੰਘ ਜੀ ਕੇ, ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹੀ ਸੰਬੋਧਨ ਕੀਤਾ।