ਕਿਓਂ ਬੇਇੱਜ਼ਤ ਕੀਤੀ ਗਈ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ, ਕਿੱਧਰ ਜਾ ਰਿਹਾ ਹੈ ਸਮਾਜ…?
ਕਿਓਂ ਬੇਇੱਜ਼ਤ ਕੀਤੀ ਗਈ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ, ਕਿੱਧਰ ਜਾ ਰਿਹਾ ਹੈ ਸਮਾਜ…?
ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਔਰਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਨਾਲ ਸਬੰਧ ਰੱਖਦੀ ਹੈ। ਔਰਤ ਦਾ ਨਾਂਅ ਜਸਵਿੰਦਰ ਕੌਰ ਸ਼ੇਰਗਿੱਲ ਦੱਸਿਆ ਜਾ ਰਿਹਾ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਔਰਤ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਹੈ।
ਪੂਰੇ ਸੋਸ਼ਲ ਮੀਡੀਆ ਉਤੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਜਸਵਿੰਦਰ ਕੌਰ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਮੰਦਰ ‘ਚ ਮੱਥਾ ਟੇਕ ਰਹੀ ਸੀ। ਹਮਲੇ ਵਿੱਚ ਜਸਵਿੰਦਰ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਤਪਾ ਮੰਡੀ ਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਵਿੱਚ ਜੇਰੇ-ਇਲਾਜ਼ ਪੀੜਤ ਔਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮੰਦਰ ਮੱਥਾ ਟੇਕਣ ਗਈ ਸੀ ਕਿ ਅਚਾਨਕ ਕੁਝ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਥੋਂ ਕਿ ਇਕ ਮਹਿਲਾ ਵਲੋਂ ਉਸ ਦੀ ਗੁੱਤ ਤਕ ਕੱਟ ਦਿੱਤੀ ਤੇ ਉਸ ਦੇ ਕਪੜੇ ਵੀ ਪਾੜੇ ਗਏ। ਜਦੋਂ ਇਸ ਸਭ ਨਾਲ ਵੀ ਉਨ੍ਹਾਂ ਲੋਕਾਂ ਦਾ ਦਿਲ ਨਹੀਂ ਭਰਿਆ ਤਾਂ ਉਸ ਨੂੰ ਘਸੀਟਦੇ ਹੋਏ ਮੰਦਰ ਤੋਂ ਬਾਹਰ ਲੈ ਗਏ ਤੇ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਕੀਤੀ।
ਪੀੜਤ ਔਰਤ ਨੇ ਰੋਂਦਿਆਂ ਦੱਸਿਆ ਕਿ ਉਸ ਉਤੇ ਪਹਿਲਾਂ ਵੀ 10 ਲੱਖ ਰੁਪਏ ਲੈਣ ਦਾ ਇਲਜਾਮ ਲਗਾਇਆ ਗਿਆ ਸੀ, ਜੋ ਫਰਜੀ ਨਿਕਲਿਆ ਸੀ। ਇਸ ਤੋਂ ਬਾਅਦ ਉਹ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਖੜੀ ਹੋਣ ਲੱਗੀ ਤਾਂ ਮੁਲਜ਼ਮਾਂ ਨੇ ਅਚਾਨਕ ਹਮਲਾ ਕਰ ਦਿੱਤਾ।
ਓਧਰ ਚਸ਼ਮਦੀਦਾਂ ਨੇ ਵੀ ਇਸ ਕੁੱਟਮਾਰ ਦੀ ਪੂਰੀ ਘਟਨਾ ਬਿਆਨ ਕੀਤੀ ਹੈ। ਚਸ਼ਮਦੀਦਾਂ ਮੁਤਾਬਿਕ ਲਗਭਗ 5-6 ਜਣਿਆਂ ਵੱਲੋਂ ਔਰਤ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਪਹੁੰਚ ਕੇ ਔਰਤ ਨੂੰ ਛੁਡਾਇਆ। ਪਰ ਉਦੋਂ ਤੱਕ ਮੁਲਜ਼ਮ ਉਸਦੇ ਵਾਲ ਕੱਟ ਚੁੱਕੇ ਸਨ ਅਤੇ ਕੱਪੜੇ ਫਾੜ ਛੁੱਕੇ ਸਨ। ਘਟਨਾ ਵੇਲੇ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਉਥੇ ਪਹੁੰਚੀ, ਪਰ ਉਦੋਂ ਤੱਕ ਸਭ ਜਾ ਚੁੱਕੇ ਸਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ (ਜਾਂਚ ਅਧਿਕਾਰੀ) ਨੇ ਦੱਸਿਆ ਮਹਿਲਾ ਦੀ ਸ਼ਿਕਾਇਤ ਉਤੇ ਸੋਮਨਾਥ, ਰਾਜਵਿੰਦਰ ਕੌਰ, ਵਿਜੇ ਕਮਾਰ, ਕਮਲਦੀਪ ਸ਼ਰਮਾ ਅਤੇ 3 ਹੋਰਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ ਸੀ। ਪੁਲਿਸ ਮੁਤਾਬਿਕ ਪੀੜਤ ਔਰਤ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਉਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਵੀਡੀਓ ਉਤੇ ਆ ਰਹੇ ਕਮੈਂਟਾਂ ਵਿਚ ਲੋਕਾਂ ਨੇ ਕਿਹਾ ਹੈ ਕਿ ਭਾਵੇਂ ਕੁੱਝ ਵੀ ਹੋਵੇ, ਔਰਤ ਨਾਲ ਅਜਿਹਾ ਸਲੂਕ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਰੰਜਿਸ਼ ਜਾਂ ਝਗੜਾ ਸੀ ਤਾਂ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਸੀ, ਜਦਕਿ ਇਸ ਤਰ੍ਹਾਂ ਦੀ ਘਟਨਾ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੁੱਝ ਲੋਕਾਂ ਨੇ ਕਮੈਂਟਾਂ ਵਿੱਚ ਇਸ ਘਟਨਾਂ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ।