ਕਿਸਾਨ ਨੇ ਫਾਹਾ ਲਿਆ

ਖ਼ਬਰਾਂ, ਪੰਜਾਬ

ਮਹਿਲ ਕਲਾਂ, 3 ਸਤੰਬਰ (ਗੁਰਮੁੱਖ ਸਿੰਘ ਹਮੀਦੀ) : ਪਿੰਡ ਚੰਨਣਵਾਲ ਵਿਖੇ ਇਕ ਗ਼ਰੀਬ ਕਿਸਾਨ ਵਲੋਂ ਆਰਥਿਕ 'ਤੇ ਚਲਦਿਆਂ ਮਾਨਸਿਕ ਪ੍ਰੇਸ਼ਾਨੀ ਕਾਰਨ ਘਰ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਮ੍ਰਿਤਕ ਕਿਸਾਨ ਦੇ ਪਿਤਾ ਜਗਰੂਪ ਸਿੰਘ ਅਤੇ ਮਾਤਾ ਜਰਨੈਲ ਸਿੰਘ ਕੌਰ ਰੌਂਦਿਆ ਦਸਿਆ ਕਿ ਸਾਡਾ ਪੁੱਤਰ ਕੁਲਦੀਪ ਸਿੰਘ (33) ਸਾਲ ਪਿਛਲੇ ਦੋ ਸਾਲ ਪਹਿਲਾਂ ਘਰ ਦੀ ਸਾਰੀ 5 ਏਕੜ ਜ਼ਮੀਨ ਲੈਣ ਦੇਣ ਕਾਰਨ ਵਿਕਣ ਕਰ ਕੇ ਅੱਜ-ਕਲ ਮਿਹਨਤ ਮਜ਼ਦੂਰੀ ਕਰ ਕੇ ਪਰਵਾਰ ਦਾ ਪੇਟ ਭਰ ਰਿਹਾ ਸੀ। ਉਨ੍ਹਾਂ ਦਸਿਆ ਕਿ ਉਸ ਵਲੋਂ ਡੇਢ ਲੱਖ ਰੁਪਏ ਦੇ ਕਰੀਬ ਕਿਸੇ ਨਿੱਜੀ ਕੰਪਨੀ 'ਚ ਕਿਸ਼ਤਾਂ ਰਾਹੀਂ ਭਰੇ ਹੋਏ ਸੀ ਪਰ ਉਹ ਕੰਪਨੀ ਦੇ ਭੱਜ ਜਾਣ ਕਰ ਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਜਦਕਿ ਪਰਵਾਰ ਦੇ ਸਿਰ 3 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।
ਉਨ੍ਹਾਂ ਦਸਿਆ ਕਿ ਬੀਤੀ ਰਾਤ ਕੁਲਦੀਪ ਸਿੰਘ ਰਾਤ ਨੂੰ ਸੌਣ ਲਈ ਅਪਣੇ ਕਮਰੇ 'ਚ ਚਲਾ ਗਿਆ ਜਿਥੇ ਉਸ ਨੇ ਕਮਰੇ ਅੰਦਰ ਪਏ ਸਾਲ ਨੂੰ ਪੱਖੇ ਲਈ ਲਗਾਈ ਕੁੰਡੀ ਨਾਲ ਬੰਨ ਕੇ ਫਾਹਾ ਲੈ ਲਿਆ। ਜਦੋਂ ਸਵੇਰ ਸਮੇਂ ਉਠੇ ਤਾਂ ਕਮਰੇ ਅੰਦਰ ਉਸ ਦੀ ਲਾਸ਼ ਲਟਕ ਰਹੀ। ਉਨ੍ਹਾਂ ਵਲੋਂ ਇਸ ਘਟਨਾ ਸਬੰਧੀ ਗ੍ਰਾਮ ਪੰਚਾਇਤ ਨੂੰ ਸੂਚਨਾ ਦਿਤੀ।
ਉਧਰ ਦੂਜੇ ਪਾਸੇ ਥਾਣਾ ਟੱਲੇਵਾਲ ਦੇ ਮੁਖੀ ਕਮਲਜੀਤ ਸਿੰਘ ਗਿੱਲ ਅਤੇ ਮੁੱਖ ਮੁਨਸ਼ੀ ਯਾਦਵਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦਸਿਆ ਕਿ ਮ੍ਰਿਤਕ ਕਿਸਾਨ ਕੁਲਦੀਪ ਸਿੰਘ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚਲਿਆ ਆ ਰਿਹਾ ਸੀ ਜਿਸ ਕਰ ਕੇ ਉਸ ਨੇ ਫਾਹਾ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਕਿਸਾਨ ਦੇ ਪਿਤਾ ਜਗਰੂਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਸਮਾਜ ਸੇਵੀ ਬਾਬਾ ਯਾਦਵਿੰਦਰ ਸਿੰਘ, ਪੰਚ ਦਰਸਨ ਸਿੰਘ, ਪੰਚ ਰਣਜੀਤ ਸਿੰਘ, ਪੰਚ ਭਗਵਾਨ ਸਿੰਘ ਨੇ ਮ੍ਰਿਤਕ ਕਿਸਾਨ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਗ਼ਰੀਬ ਪਰਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ।