ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ ਰਿਆਇਤਾਂ ਦੇਵੇ ਕੇਂਦਰ : ਕੈਪਟਨ

ਖ਼ਬਰਾਂ, ਪੰਜਾਬ

ਚੰਡੀਗੜ੍ਹ, 27 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਬਹੁ-ਪੜਾਵੀ ਪਹੁੰਚ ਰਾਹੀਂ ਸੂਬੇ ਵਿਚ ਪਰਾਲੀ ਸਾੜਨ ਦੀ ਮਾਰੂ ਸਮੱਸਿਆ ਨਾਲ ਨਜਿਠਣ ਲਈ ਵਿਆਪਕ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ ਰਿਆਇਤਾਂ ਦੇਣ ਵਾਸਤੇ ਅਗਲੇ ਹਫ਼ਤੇ ਕੇਂਦਰ ਕੋਲ ਮੁੱਦਾ ਉਠਾਉਣਗੇ।
ਇਹ ਕਾਰਜ ਯੋਜਨਾ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਤਿਆਰ ਕੀਤੀ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ।  ਪੰਜਾਬ ਵਿਚ ਹਰ ਸਾਲ ਪੈਦਾ ਹੁੰਦੀ 19.7 ਮਿਲੀਅਨ ਟਨ ਝੋਨੇ ਦੀ ਪਰਾਲੀ ਵਿਚੋਂ 75 ਫ਼ੀ ਸਦੀ ਦੇ ਸਾੜੇ ਜਾਣ ਕਾਰਨ ਇਸ ਸਮੱਸਿਆ ਨੇ ਖ਼ਤਰਨਾਕ ਸਥਿਤੀ ਧਾਰਨ ਕਰ ਲਈ ਹੈ।  
ਵਿਭਾਗ ਨੇ ਅਪਣੀ ਕਾਰਜ ਯੋਜਨਾ ਦੇ ਹਿੱਸੇ ਵਜੋਂ ਹਰ ਸਾਲ 15.40 ਮਿਲੀਅਨ ਟਨ ਪਰਾਲੀ ਦਾ ਪ੍ਰਬੰਧਨ ਫ਼ਸਲੀ ਵਿਭਿੰਨਤਾ, ਖੇਤੀਬਾੜੀ ਰਹਿੰਦ-ਖੂੰਹਦ, ਸਾਜ਼ੋ-ਸਮਾਨ ਅਤੇ ਸਨਅਤੀ ਵਰਤੋਂ ਰਾਹੀਂ ਕਰਨ ਦਾ ਸੁਝਾਅ ਦਿਤਾ ਹੈ। ਬਾਇਉਮਾਸ ਬਿਜਲੀ ਪਲਾਂਟ, ਬਾਇਉ ਰਿਫ਼ਾਈਨਰੀਜ਼ ਅਤੇ ਡੈਮੋਨਸਟ੍ਰੇਸ਼ਨ ਪਲਾਂਟਾਂ ਵਿਚ ਵੱਡੀ ਪੱਧਰ 'ਤੇ ਨਿਵੇਸ਼ ਕੀਤਾ ਜਾ ਰਿਹਾ ਹੈ। ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਵਾਸਤੇ ਪ੍ਰੇਰਿਤ ਕਰਨ ਲਈ ਘੱਟੋ-ਘੱਟ ਸਮਰਥਨ ਮੁਲ 'ਤੇ 100 ਰੁਪਏ ਪ੍ਰਤੀ ਕੁਇੰਟਲ ਰਿਆਇਤ ਮੁਹਈਆ ਕਰਵਾਉਣ ਵਾਸਤੇ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਪ੍ਰਸਤਾਵ ਭੇਜਿਆ ਹੈ।