ਕਿਸਾਨਾਂ ਵੱਲੋਂ ਲਗਾਏ ਧਰਨੇ ਦਾ ਦੂਜਾ ਦਿਨ, ਮੀਂਹ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

ਖ਼ਬਰਾਂ, ਪੰਜਾਬ

ਪਟਿਆਲਾ: ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਏ ਧਰਨੇ ਦਾ ਅੱਜ ਦੂਜਾ ਦਿਨ ਹੈ ਪਰ ਕੁਦਰਤ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ। ਰਾਤ ਤੋਂ ਹੋ ਰਹੇ ਮੀਂਹ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਉਨ੍ਹਾਂ ਨੇ ਇਹ ਰਾਤ ਜਾਗ ਕੇ ਗੁਜ਼ਾਰੀ ਉਥੇ ਹੀ ਉਨ੍ਹਾਂ ਦਾ ਸਾਰਾ ਸਾਮਾਨ ਗਿੱਲਾ ਹੋ ਚੁੱਕਾ ਸੀ ਪਰ ਕਿਸਾਨ ਆਪਣੇ ਮੋਰਚੇ 'ਤੇ ਪੂਰੀ ਜ਼ਿੰਦ ਜਾਨ ਡਟੇ ਹਏ ਹਨ।

ਜੋ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 5 ਦਿਨ ਦੇ ਧਰਨੇ 'ਤੇ ਪਟਿਆਲਾ ਦੇ ਪਿੰਡ ਮਹਿਮਦਪੁਰਾ 'ਚ ਬੈਠੇ ਹਨ, ਉਹ ਹੁਣ ਕੁਦਰਤ ਦੀ ਮਾਰ ਦੇ ਚਲਦੇ ਬਿਖਰਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਪੰਡਾਲ ਮੀਂਹ ਕਾਰਨ ਗਿੱਲੇ ਹੋ ਚੁੱਕੇ ਹਨ, ਉਨ੍ਹਾਂ ਦਾ ਖਾਣਾ ਅੱਧੇ ਤੋਂ ਵੱਧ ਖਰਾਬ ਹੋ ਚੁੱਕਾ ਹੈ। ਭੋਜਨ ਬਨਾਉਣ ਲਈ ਜਿਸ ਲੱਕੜੀ ਦਾ ਇਸਤੇਮਾਲ ਕੀਤਾ ਜਾਣਾ ਸੀ, ਉਹ ਵੀ ਮੀਂਹ ਦੇ ਚਲਦਿਆਂ ਖਰਾਬ ਹੋ ਚੁੱਕੀ ਹੈ। 

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਧਰਨੇ ਤੋਂ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਏ ਬਗੈਰ ਇਸ 5 ਦਿਨ ਦੇ ਧਰਨੇ ਨੂੰ ਖਤਮ ਨਹੀਂ ਕਰਨਗੇ। ਮੀਂਹ ਦੇ ਚਲਦਿਆਂ ਹੋਏ ਨੁਕਸਾਨ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਦਿਖਾਈ ਦੇ ਰਹੇ ਹਨ।