ਬਰਨਾਲਾ/ਮਹਿਲ
ਕਲਾਂ/ਤਪਾ/ ਭਦੌੜ, 21 ਸਤੰਬਰ (ਜਗਸੀਰ ਸੰਧੂ/ ਗੁਰਮੁੱਖ ਹਮੀਦੀ/ਗੁਰਪ੍ਰੀਤ/ਲੁਭਾਸ਼) :
ਸੱਤ ਕਿਸਾਨ ਜਥੇਬੰਦੀਆਂ ਵਲੋਂ 22 ਸਤੰਬਰ ਤੋਂ 27 ਸਤੰਬਰ ਤਕ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਦੀ ਕੋਠੀ ਅੱਗੇ ਦਿਤੇ ਜਾਣ ਵਾਲੇ ਧਰਨੇ ਸਬੰਧੀ ਆਏ ਹਾਈ ਕੋਰਟ ਦੇ ਹੁਕਮਾਂ
ਤੋਂ ਬਾਅਦ ਵੀ ਪੁਲਿਸ ਵਲੋਂ ਭਾਵੇਂ ਕਿਸਾਨਾਂ ਆਗੂਆਂ ਦੀ ਫੜੋਫੜੀ ਜਾਰੀ ਹੈ, ਪਰ ਬਰਨਾਲਾ
ਪੁਲਿਸ ਕਹਿ ਰਹੀ ਹੈ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਤੋਂ ਪਹਿਲਾਂ ਸਿਰਫ 11 ਕਿਸਾਨ
ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ 4 ਕਿਸਾਨ ਆਗੂਆਂ ਨੂੰ ਮਹਿਲ ਕਲਾਂ
ਪੁਲਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ, ਪਰ ਸੂਤਰਾਂ ਮੁਤਾਬਕ ਭਾਰਤੀ ਕਿਸਾਨ ਯੂਨੀਅਨ
ਉਗਰਾਹਾਂ ਦੇ ਆਗੂ ਚਮਕੌਰ ਸਿੰਘ ਨੈਣੇਵਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਬਰਨਾਲਾ
ਪੁਲਿਸ ਦੇ ਐਸ.ਪੀ. (ਡੀ.) ਸੁਖਦੇਵ ਸਿੰਘ ਵਿਰਕ ਦਾ ਕਹਿਣਾ ਹੈ ਕਿ ਪਹਿਲਾਂ ਜ਼੍ਹਿਲੇ
ਵਿੱਚ 11 ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਹੋ ਚੁਕੀਆਂ ਹਨ ਅਤੇ ਮਾਣਯੋਗ ਹਾਈਕੋਰਟ ਦੇ
ਹੁਕਮ ਆਉਣ ਤੋਂ ਬਾਅਦ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਉਧਰ ਡੀ.ਐਸ.ਪੀ.ਮਹਿਲ ਕਲਾਂ
ਸ. ਜਸਵੀਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਕਿਸਾਨ ਆਗੂ ਜੰਗੀਰ ਸਿੰਘ ਦਿਓਲ, ਗੁਲਜ਼ਾਰ
ਸਿੰਘ ਸੋਢਾ ਦੋਵੇਂ ਵਾਸੀ ਮਹਿਲ ਕਲਾਂ, ਮਹਿੰਦਰ ਸਿੰਘ ਅਤੇ ਦਰਸ਼ਨ ਸਿੰਘ ਦੋਵੇਂ ਵਾਸੀ
ਪੰਡੋਰੀ (ਬਰਨਾਲਾ) ਨੂੰ ਥਾਣਾ ਮਹਿਲਾਂ ਦੀ ਪੁਲਿਸ ਨੇ ਹਿਰਾਸਤ 'ਚ ਲਿਆ ਹੈ।
ਬਰਨਾਲਾ
ਬਠਿੰਡਾ ਹਾਈਵੇ ਰੋਡ ਉਪਰ ਪੱਕੇ ਤੌਰ 'ਤੇ ਟੈਂਟ ਲਗਾ ਕੇ ਪੂਰੀ ਤਰ੍ਹਾਂ ਨਾਕਾ ਬੰਦੀ ਕਰੀ
ਬੈਠੀ ਪੁਲਿਸ ਦੀ ਅਗਵਾਈ ਕਰ ਰਹੇ ਤਪਾ ਦੇ ਡੀ.ਐਸ.ਪੀ ਅੱਛਰੂ ਰਾਮ ਸਰਮਾ ਨੇ ਦਸਿਆ ਹੈ
ਉਨ੍ਹਾਂ ਨੇ ਬਰਨਾਲਾ-ਬਠਿੰਡਾ ਰੇਲਵੇ ਲਾਇਨ ਅਤੇ ਤਪਾ ਕੋਲੋਂ ਲੰਘਦੀ ਡਰੇਨ ਦਾ ਜਾਇਜਾ ਲੈ
ਕੇ ਤਪਾ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਰੇਲਵੇ ਲਾਇਨ ਅਤੇ ਡਰੇਨ 'ਤੇ ਵੀ ਪੱਕੇ ਤੌਰ
ਨਾਕਾ ਬੰਦੀ ਸ਼ਰੂ ਕੀਤੀ ਜਾਵੇ।
ਉਧਰ ਟੱਲੇਵਾਲ ਥਾਣੇ ਦੇ ਐਸ.ਐਚ.ਓ ਕਮਲਜੀਤ ਸਿੰਘ
ਗਿੱਲ ਦੀ ਅਗਵਾਈ ਹੇਠ ਥਾਣਾ ਟੱਲੇਵਾਲ ਅਤੇ ਪੱਖੋ ਕੈਚੀਆਂ ਚੌਂਕੀ ਦੀ ਪੁਲਿਸ ਫੋਰਸ ਵਲੋਂ
ਮੋਗਾ-ਬਰਨਾਲਾ ਨੈਸ਼ਨਲ ਹਾਈਵੇ 'ਤੇ ਪਿੰਡ ਚੀਮਾਂ ਵਿਖੇ ਅੱਠ ਦਿਨ ਲਈ ਸੜਕ 'ਤੇ ਟੈਂਟ ਲਗਾ
ਕੇ ਪੂਰੀ ਨਾਕਾਬੰਦੀ ਕੀਤੀ ਗਈ ਹੈ ਤੇ ਹਰ ਆਉਣ ਜਾਣ ਵਾਲੀ ਗੱਡੀ ਦੀ ਸ਼ਨਾਖਤ ਕੀਤੇ ਬਿਨਾਂ
ਅੱਗੇ ਜਾਣ ਨਹੀਂ ਦਿਤਾ ਜਾ ਰਿਹਾ।
ਜਾਣਕਾਰੀ ਅਨੁਸਾਰ ਸੰਗਰੂਰ ਦੇ ਕਸਬਾ ਲੌਗੋਵਾਲ
ਵਿਖੇ ਕਿਸਾਨਾਂ ਤੇ ਪੁਲਿਸ ਦਰਮਿਆਨ ਹੋਈ ਝੜਪ ਉਪਰੰਤ ਕਿਸਾਨ ਜਥੇਬੰਦੀਆਂ ਨੇ ਲੌਂਗੋਵਾਲ
ਵਿਖੇ ਹੀ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕਿਸਾਨ ਯੂਨੀਅਨ ਦੇ
ਆਗੂ ਤੇ ਵਰਕਰ ਪਟਿਆਲਾ ਜਾਣ ਦੀ ਬਿਜਾਏ ਲੌਂਗੋਵਾਲ ਵਿਖੇ ਵੱਡਾ ਇਕੱਠ ਕਰਨ ਦੇ ਰੌਂਅ 'ਚ
ਹਨ, ਜਿਸ ਲਈ ਕਿਸਾਨ ਯੂਨੀਅਨਾਂ ਦੇ ਵਰਕਰਾਂ ਨੂੰ ਲੌਗੋਵਾਲ ਜਾਣ ਤੋਂ ਵੀ ਰੋਕਣ ਲਈ
ਬਰਨਾਲਾ ਪੁਲਸ ਵਲੋਂ ਜ਼ਬਰਦਸਤ ਨਾਕਾਬੰਦੀ ਕੀਤੀ ਜਾ ਰਹੀ ਹੈ।