ਕਿਸਾਨੀ ਕਰਜ਼ੇ 'ਤੇ ਲਕੀਰ ਮਾਰੇ ਸਰਕਾਰ: ਕਿਸਾਨ ਆਗੂ

ਖ਼ਬਰਾਂ, ਪੰਜਾਬ

ਭਵਾਨੀਗੜ੍ਹ, 6 ਮਾਰਚ (ਗੁਰਦਰਸ਼ਨ ਸਿੰਘ ਸਿੱਧੂ/ਗੁਰਪ੍ਰੀਤ ਸਕਰੌਦੀ) : ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਅੱਜ ਇਥੇ ਅਨਾਜ ਮੰਡੀ ਵਿਖੇ ਦੇਸ਼ ਵਿਆਪੀ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਸ਼ਾਲ ਕਿਸਾਨ ਮੁਕਤੀ ਕਾਨਫ਼ਰੰਸ ਕੀਤੀ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ।ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁਪ ਮੈਂਬਰ ਯੋਗਿੰਦਰ ਯਾਦਵ ਅਤੇ ਡਾ. ਦਰਸ਼ਨਪਾਲ, ਭਾਕਿਯੂ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜਮਹੂਰੀ ਕਿਸਾਨ ਸਭਾ ਦੇ ਭੀਮ ਸਿੰਘ ਆਲਮਪੁਰ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਦਾਤਾਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਰਮੁਖ ਸਿੰਘ ਸਿੱਧੂ, ਜੈ ਕਿਸਾਨ ਅੰਦੋਲਨ ਦੇ ਤਰਸੇਮ ਜੋਧਾਂ, ਗੁਰਬਖ਼ਸ਼ ਸਿੰਘ, ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਸੁਖਵਿੰਦਰ ਸਿੰਘ ਸੇਖੋਂ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਭੁਪਿੰਦਰ ਸਾਂਭਰ ਨੇ ਕਿਹਾ ਕਿ ਖੇਤੀ ਜਿਨਸਾਂ ਦੇ ਭਾਅ 

ਸਵਾਮੀਨਾਥਨ ਦੀ ਰੀਪੋਰਟ ਦੀਆਂ ਸਿਫ਼ਾਰਸ਼ਾਂ ਅਨੁਸਾਰ ਲਾਗੂ ਨਾ ਕਰਨ ਨਾਲ ਕਿਸਾਨ ਨੂੰ ਪਿਛਲੇ ਦਸ ਸਾਲਾਂ ਅੰਦਰ 20 ਲੱਖ ਕਰੋੜ ਦਾ ਘਾਟਾ ਪੈ ਚੁੱਕਾ ਹੈ ਜਦਕਿ ਦੇਸ਼ ਦੇ ਕਿਸਾਨਾਂ ਸਿਰ ਸਰਕਾਰ ਦਾ ਸਿਰਫ਼ 14 ਲੱਖ 60 ਹਜ਼ਾਰ ਰੁਪਏ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਪਣਾ ਸਰਕਾਰੀ ਕਰਜ਼ਾ ਕੱਟ ਕੇ ਬਾਕੀ 5 ਲੱਖ ਕਰੋੜ ਕਿਸਾਨਾਂ ਨੂੰ ਵਾਪਸ ਕਰੇ ਨਹੀਂ ਫਿਰ ਕਿਸਾਨੀ ਕਰਜ਼ੇ ਉੱਤੇ ਲਕੀਰ ਫੇਰ ਦੇਵੇ।ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਅੱਜ ਕਿਸਾਨਾਂ ਵਿਚ ਖ਼ੁਦਕੁਸ਼ੀਆਂ ਦਾ ਰੁਝਾਨ ਹੋਰ ਵੱਧ ਗਿਆ ਹੈ, ਪਰ ਸਰਕਾਰਾਂ ਇਸ ਮਸਲੇ ਬਾਰੇ ਚੁੱਪ ਬੈਠੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪਣੇ ਹੱਕਾਂ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦੇਸ ਵਿਆਪੀ ਮੁਹਿੰਮ ਨੂੰ ਹੋਰ ਤਿੱਖਾ ਕਰਨਾ ਪਵੇਗਾ। ਇਸ ਮੌਕੇ ਮੁਖ ਪ੍ਰਬੰਧਕ ਗੁਰਮੀਤ ਸਿੰਘ ਭੱਟੀਵਾਲ, ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ ਅਤੇ ਸੁਖਦੇਵ ਸਿੰਘ ਘਰਾਚੋਂ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਪੰਡਾਲ ਦੇ ਇਕ ਪਾਸੇ ਲੰਗਰ ਦਾ ਪ੍ਰਬੰਧ ਕੀਤਾ ਸੀ ਅਤੇ ਮੈਡੀਕਲ ਪ੍ਰੈਕਟਿਸਨਰਜ਼ ਐਸੋਸੀਏਸਨ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਸੀ।