ਕਿਸੇ ਨਹੀਂ ਕਰਨੀ ਕਲਗੀਧਰ ਪਾਤਸ਼ਾਹ ਜਿਹੀ ਕੁਰਬਾਨੀ

ਖ਼ਬਰਾਂ, ਪੰਜਾਬ

ਸਾਹਿਬੇ ਕਮਾਲ, ਸਰਬੰਸਦਾਨੀ, ਕਲਗੀਧਰ, ਦਸਮੇਸ਼ ਪਿਤਾ, ਬਾਲਾ ਪ੍ਰੀਤਮ, ਚੋਜੀ ਪ੍ਰੀਤਮ ਵਰਗੇ ਦਰਜਨਾਂ ਨਾਵਾਂ ਨਾਲ ਜਾਣੇ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਗ਼ੈਰਸਿੱਖ ਕੌਮਾਂ ਤਾਂ ਮਾਣ ਸਨਮਾਨ ਦਿੰਦੀਆਂ ਹਨ ਪਰ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਗੁਰੂ ਜੀ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਖ਼ਤਾਂ ਦੇ ਜਥੇਦਾਰਾਂ ਨੇ ਜਿਵੇਂ ਸਮੁੱਚੀ ਸਿੱਖ ਕੌਮ ਦਾ ਜਲੂਸ ਕੱਢ ਕੇ ਰੱਖ ਦਿਤਾ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਖ਼ਤਾਂ ਦੇ ਜਥੇਦਾਰ ਸਿਰਫ਼ ਅਕਾਲੀ ਦਲ ਬਾਦਲ ਜਾਂ ਬਾਦਲ ਪ੍ਰਵਾਰ ਦੇ ਪ੍ਰਭਾਵ ਹੇਠ ਹੀ ਨਹੀਂ ਬਲਕਿ ਪੰਥ ਵਿਰੋਧੀ ਤਾਕਤਾਂ ਦੇ ਵੀ ਦਾਬੇ ਹੇਠ ਹਨ।

ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਦੀਆਂ ਅਜੀਬੋ-ਗ਼ਰੀਬ ਹਰਕਤਾਂ ਅਤੇ ਸ਼ਰਮਨਾਕ ਕਰਤੂਤਾਂ ਨੂੰ ਇੱਥੇ ਦੁਹਰਾਉਣ ਦੀ ਲੋੜ ਨਹੀਂ ਕਿਉਂਕਿ ਦੇਸ਼ ਭਰ ਦੇ ਸਾਰੇ ਨਾਮਵਰ ਟੀ.ਵੀ. ਚੈਨਲਾਂ, ਪ੍ਰਮੁੱਖ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਸੌਦਾ ਸਾਧ ਬਾਰੇ ਅੰਦਰਲਾ ਸੱਭ ਕੁੱਝ ਬਾਹਰ ਆ ਚੁੱਕਾ ਹੈ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਕਰਨ ਦਾ ਭਰਮ ਪਾਲੀ ਬੈਠੇ ਸੌਦਾ ਸਾਧ ਬਾਰੇ ਮੀਡੀਆ ਰਾਹੀਂ ਨਸ਼ਰ ਹੋਈਆਂ ਕੁੱਝ ਕੁ ਖ਼ਬਰਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਤਾਕਿ ਆਮ ਲੋਕਾਂ ਦੇ ਨਾਲ ਨਾਲ ਅੰਧ-ਵਿਸ਼ਵਾਸ਼ 'ਚ ਡੁੱਬੇ ਉਸ ਦੇ ਜਨੂਨੀ ਚੇਲਿਆਂ ਦੇ ਕੰਨ ਵੀ ਖੁੱਲ੍ਹ ਜਾਣ। 

ਹਿੰਦ ਮੇ ਤੀਰਥ ਹੈ ਯਹੀ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ।
ਉਕਤ ਸ਼ੇਅਰ ਚਮਕੌਰ ਦੇ ਗੜ੍ਹੀ ਸਾਹਿਬ ਗੁਰਦਵਾਰੇ ਦੀ ਸਰਦਲ ਤੇ ਅੱਜ ਵੀ ਲਿਖਿਆ ਹੋਇਆ ਹੈ। ਇਹ ਹੈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਸਾਲੀ ਕੁਰਬਾਨੀ, ਜਿਸ ਤੇ ਅੱਜ ਵੀ ਮਨੁੱਖਤਾ ਨਾਜ਼ ਕਰ ਸਕਦੀ ਹੈ। ਇਕ ਅਗਿਆਤ ਕਵੀ ਅਨੁਸਾਰ:-
ਗੁਰੂ ਗੋਬਿੰਦ ਸਿੰਘ ਵਰਗੀ ਮਿਲਦੀ
ਜੱਗ ਦੇ ਵਿਚ ਮਿਸਾਲ ਕੋਈ ਨਾ
ਜਿਸ ਨੇ ਲਾਲ ਵਾਰੇ ਐਸਾ ਪਿਤਾ ਕੋਈ ਨਾ
ਜਿਸ ਪਿਤਾ ਵਾਰਿਆ ਐਸਾ ਲਾਲ ਕੋਈ ਨਾ