ਕਿਸੇ ਰਾਜੇ ਦੇ ਮਹਿਲਾਂ ਨੂੰ ਵੀ ਮਾਤ ਪਾਉਂਦੀ ਹੈ ਸੌਦਾ ਸਾਧ ਦੀ ਗੁਫ਼ਾ

ਖ਼ਬਰਾਂ, ਪੰਜਾਬ

ਬਠਿੰਡਾ, 9 ਸਤੰਬਰ (ਸੁਖਜਿੰਦਰ ਮਾਨ): ਲੋਕਾਂ ਨੂੰ ਮੋਹ-ਮਾਇਆ ਦੇ ਜੰਜਾਲ 'ਚ ਨਿਕਲ ਕੇ ਅਪਣੇ ਅਧਿਆਤਮਕ ਨਾਲ ਜੋੜਣ ਦਾ ਦਾਅਵਾ ਕਰਨ ਵਾਲੇ ਸੌਦਾ ਸਾਧ ਦੀ ਗੁਫ਼ਾ ਪਟਿਆਲਾ ਦੇ ਸ਼ਾਹੀ ਘਰਾਣੇ ਦੇ ਮਹਿਲਾਂ ਨੂੰ ਵੀ ਮਾਤ ਪਾਉਂਦੀ ਹੈ। ਕਰੀਬ 13 ਏਕੜ 'ਚ ਵਸੀ ਇਹ ਰਹੱਸਮਈ ਗੁਫ਼ਾ ਜਿਸ ਨੂੰ ਕੁੱਝ ਸਮਾਂ ਪਹਿਲਾਂ 'ਤੇਰਾਵਾਸ' ਦਾ ਨਾਮ ਦਿਤਾ ਗਿਆ, ਦੀਆਂ ਉਪਰਲੀਆਂ ਤਿੰਨ ਮੰਜ਼ਲਾਂ ਅਤੇ ਹੇਠਲੀ ਬੇਸਮੈਟ ਪੁਰਾਣੇ ਰਾਜੇ-ਮਹਾਰਾਜਿਆਂ ਦੀ ਸ਼ਾਨੋ-ਸੌਕਤ ਨੂੰ ਯਾਦ ਕਰਵਾਉਂਦੀਆਂ ਹਨ।

ਬੀਤੇ ਦਿਨ ਤੋਂ ਹਰਿਆਣਾ ਸਰਕਾਰ ਦੁਆਰਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਡੇਰਾ ਸਿਰਸਾ ਦੀ ਸ਼ੁਰੂ ਕੀਤੀ ਤਲਾਸ਼ੀ ਦੌਰਾਨ ਡੇਰਾ ਮੁਖੀ ਦੀ ਗੁਫ਼ਾ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤਲਾਸ਼ੀ ਮੁਹਿੰਮ 'ਚ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਅਪਣਾ ਨਾਮ ਗੁਪਤ ਰਖਣ ਦੀ ਸ਼ਰਤ 'ਤੇ ਸੌਦਾ ਸਾਧ ਦੀ ਗੁਫ਼ਾ ਬਾਰੇ ਹੈਰਾਨੀਜਨਕ ਪ੍ਰਗਟਾਵੇ ਕੀਤੇ ਹਨ। ਸੂਤਰਾਂ ਮੁਤਾਬਕ ਬੀਤੇ ਦਿਨ ਗੁਫ਼ਾ ਦੀ ਤਲਾਸ਼ੀ 'ਚ ਜੁਟੀ ਵੱਡੀ ਟੀਮ ਨੂੰ ਦੇਰ ਸ਼ਾਮ ਤਕ ਗੁਫ਼ਾ ਹੇਠ ਬਣੀ ਬੇਸਮੇਟ 'ਚ ਜਾਣ ਲਈ ਰਸਤਾ ਹੀ ਨਹੀਂ ਲੱਭਿਆ ਸੀ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਪਹਿਲੀ ਮੰਜ਼ਲ ਤੋਂ ਸ਼ੁਰੂ ਹੋਈ ਇਕ ਰਹੱਸਮਈ ਪੌੜੀ ਗੁਫ਼ਾ ਦੀ ਛੱਤ ਉਪਰ ਨਿਕਲਦੀ ਹੈ ਜਿਸ ਨੂੰ ਛੱਤ ਉਪਰੋਂ ਸੀਵਰ ਦੇ ਢੱਕਣ ਦੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਜਿਸ ਦੇ ਚਲਦੇ ਇਹ ਪੌੜੀ ਵੀ ਹਰ ਇਕ ਦੇ ਧਿਆਨ ਵਿਚ ਨਹੀਂ ਆਉਂਦੀ। ਸਪੋਕਸਮੈਨ ਵਲੋਂ ਸੂਤਰਾਂ ਕੋਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨ ਗੁਫ਼ਾ ਦੀਆਂ ਉਪਰਲੀਆਂ ਤਿੰਨ ਮੰਜ਼ਲਾਂ ਦੀ ਹੀ ਤਲਾਸ਼ੀ ਲਈ ਗਈ। ਟੀਮ ਨਾਲ ਜੁੜੇ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਡੇਰੇ ਦੀ ਤਲਾਸ਼ੀ ਦੀ ਸੰਭਾਵਨਾ ਦੇ ਚਲਦੇ ਇਸ ਗੁਫ਼ਾ ਵਿਚੋਂ ਵੀ ਪ੍ਰਬੰਧਕਾਂ ਦੁਆਰਾ ਕਾਫ਼ੀ ਸਮਾਨ ਇਧਰ-ਉਧਰ ਕੀਤਾ ਗਿਆ ਲੱਗਦਾ ਹੈ। ਸੂਚਨਾ ਮੁਤਾਬਕ ਇਨ੍ਹਾਂ ਤਿੰਨ ਮੰਜ਼ਲਾਂ ਵਿਚੋਂ ਹਰ ਇਕ 'ਚ ਪੰਜ-ਪੰਜ ਦੇ ਕਰੀਬ ਬੈਡਰੂਮ ਹਨ।

ਸੂਤਰਾਂ ਅਨੁਸਾਰ ਇਕ-ਇਕ ਬੈੱਡਰੂਮ ਇੰਨਾ ਵੱਡਾ ਤੇ ਆਲੀਸ਼ਾਨ ਹੈ ਕਿ ਇਕ ਵਾਰ ਇਸ ਵਿਚ ਦਾਖ਼ਲ ਹੁੰਦੇ ਹੀ ਟੀਮ ਦੇ ਮੂੰਹ ਅੱਡੇ ਰਹਿ ਗਏ। ਇਨ੍ਹਾਂ ਕਮਰਿਆਂ ਵਿਚ ਵਿਦੇਸੀ ਮਾਰਬਲ, ਵਿਦੇਸ਼ੀ ਪਰਦੇ, ਆਟੋਮੈਟਿਕ ਏ.ਸੀ, ਵੱਡੀਆਂ ਟੀਵੀ ਸਕਰੀਨਾਂ ਅਤੇ ਹੋਰ ਇੰਨਾ ਕੀਮਤੀ ਸਮਾਨ ਮਿਲਿਆ ਹੈ ਜੋ ਦੇਸ਼ ਦੇ ਸੱਭ ਤੋਂ
ਅਮੀਰ ਵਿਅਕਤੀ ਮੰਨੇ ਜਾਂਦੇ ਅੰਬਾਨੀ ਭਰਾਵਾਂ ਦੇ ਘਰ ਵੀ ਨਾ ਉਪਲਭਧ ਹੋਵੇ। ਇਨ੍ਹਾਂ ਮਹਿਲਾਂ ਵਰਗੇ ਬੈੱਡਰੂਮਾਂ ਨਾਲ ਆਲੀਸ਼ਾਨ ਬਾਥਰੂਮ ਬਣੇ ਹਨ।

ਜਿਨ੍ਹਾਂ ਵਿਚ ਵਿਦੇਸ਼ੀ ਨਹਾਉਣ ਵਾਲੇ ਟੱਬ ਹਨ। ਸੂਤਰਾਂ ਅਨੁਸਾਰ ਕਈ ਬਾਥਰੂਮਾਂ ਦੇ ਨਹਾਉਣ ਵਾਲੇ ਟੱਬ ਇੰਨੇ ਵੱਡੇ ਹਨ ਕਿ ਇਨ੍ਹਾਂ ਵਿਚ ਇਕੱਠੇ ਦੋ-ਤਿੰਨ ਵਿਅਕਤੀ ਨਹਾ ਸਕਦੇ ਹਨ। ਬਾਥਰੂਮ ਵਿਚ ਮਿਲੇ ਤੋਲੀਏ ਦੇਖ ਵੀ ਟੀਮ ਵਿਚ ਸ਼ਾਮਲ ਅਧਿਕਾਰੀਆਂ ਦੇ ਹੋਸ਼ ਉਡ ਗਏ। ਸੂਤਰਾਂ ਅਨੁਸਾਰ ਟੀਮ ਵਿਚ ਸ਼ਾਮਲ ਚੋਟੀ ਦੇ ਵੱਡੇ ਅਧਿਕਾਰੀਆਂ ਨੇ ਵੀ ਤਲਾਸ਼ੀ ਦੌਰਾਨ ਇਹ ਗੱਲ ਸਵੀਕਾਰ ਕੀਤੀ ਕਿ ਉਨ੍ਹਾਂ ਅਪਣੀ ਜ਼ਿੰਦਗੀ ਵਿਚ ਇੰਨੇ ਮਹਿੰਗੇ ਤੋਲੀਏ ਕਦੇ ਨਹੀਂ ਦੇਖੇ। ਇਹੀਂ ਨਹੀਂ ਇਹ ਗੁਫ਼ਾ ਆਟੋਮੈਟਿਕ ਏਅਰਕੰਡੀਸ਼ਨ ਹੈ ਤੇ ਇਸ ਅੰਦਰ ਮੌਤ ਵਰਗੀ ਭਿਆਨਕ ਚੁੱਪ ਛਾਈ ਰਹਿੰਦੀ ਹੈ। ਗੁਫ਼ਾ ਦੇ ਬਾਹਰ ਲੱਗੇ ਸਾਰੇ ਦਰਵਾਜ਼ੇ ਸੈਂਸਰ ਵਾਲੇ ਹਨ ਭਾਵ ਜਦ ਕੋਈ ਬਾਹਰਲਾ ਵਿਅਕਤੀ ਇਨ੍ਹਾਂ ਦਰਵਾਜ਼ਿਆਂ ਨੂੰ ਹੱਥ ਵੀ ਲਗਾਉਂਦਾ ਹੈ ਤਾਂ ਗੁਫ਼ਾ ਅੰਦਰ ਮਿਊਜ਼ਕ ਵਰਗੀ ਆਵਾਜ਼ ਆਉਣ ਲੱਗਦੀ ਹੈ। ਉਂਜ ਇਹ ਸਾਰੇ ਦਰਵਾਜ਼ੇ ਕੋਡਵਰਡਾਂ ਨਾਲ ਖੁੱਲ੍ਹਦੇ ਹਨ ਜਿਸ ਦੇ ਚਲਦੇ ਡੇਰਾ ਮੁਖੀ ਦੀ ਇਜਾਜ਼ਤ ਬਿਨਾਂ ਕਿਸੇ ਐਰੇ-ਗੈਰੇ ਦੇ ਗੁਫ਼ਾ ਅੰਦਰ ਆਉਣ ਦੀ ਰੱਤੀ ਭਰ ਵੀ ਸੰਭਾਵਨਾ ਨਹੀਂ।

ਡੇਰਾ ਮੁਖੀ ਗੁਫ਼ਾ ਦੇ ਹਰ ਪਾਸੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਹੋਏ ਸਨ ਜਿਹੜੇ ਤਲਾਸ਼ੀ ਦੌਰਾਨ ਬੰਦ ਮਿਲੇ ਹਨ ਤੇ ਇਨ੍ਹਾਂ ਦੀ ਡੀ.ਵੀ.ਡੀ ਵੀ ਹੱਥ ਨਹੀਂ ਲੱਗੀ। ਟੀਮ ਦੇ ਸੂਤਰਾਂ ਮੁਤਾਬਕ ਗੁਫ਼ਾ ਦੇ ਅੰਦਰ ਹੀ ਬਾਬੇ ਦੀ ਮੂੰਹ ਬੋਲੀ ਧੀ ਦਾ ਵੀ ਇਕ ਕਮਰਾ ਸੀ ਜਿਸ ਵਿਚੋਂ ਕੁੱਝ ਮਹਿੰਗੇ ਬਸਤਰ ਮਿਲੇ ਹਨ। ਇਸ ਤੋਂ ਇਲਾਵਾ ਬਾਬੇ ਦੇ ਬੈੱਡਰੂਮਾਂ ਨਾਲ ਕਪੜਿਆਂ ਅਤੇ ਜੁੱਤਿਆਂ ਦੇ ਸ਼ੋਅਰੂਮ ਵਰਗੇ ਰੈਕ ਵੀ ਬਣੇ ਹੋਏ ਹਨ। ਟੀਮ ਨੂੰ ਇਸ ਗੁਫ਼ਾ ਵਿਚੋਂ ਬਾਬੇ ਦੀਆਂ 1500 ਦੇ ਕਰੀਬ ਜੁੱਤੀਆਂ ਦੇ ਜੋੜੇ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਬਾਬੇ ਦੇ ਪਹਿਨਣ ਵਾਲੇ ਕਪੜੇ ਬਰਾਮਦ ਹੋਏ ਹਨ। ਸੂਤਰਾਂ ਅਨੁਸਾਰ ਬੈੱਡਰੂਮਾਂ ਦੇ ਇਲਾਵਾ ਡਰਾਇੰਗ ਰੂਮ ਵੀ ਕਿਸੇ ਪਾਸਿਉਂ ਘੱਟ ਨਹੀਂ।

ਟੀਮ ਨੂੰ ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਗੁਫ਼ਾ ਅੰਦਰ ਹਰ ਚੀਜ਼ ਇੰਨੇ ਵਧੀਆ ਤਰੀਕੇ ਨਾਲ ਸਜਾਈ ਹੋਈ ਸੀ ਕਿ ਦੇਖਣ ਵਾਲਾ ਅਸ਼-ਅਸ਼ ਕਰ ਉਠੇ। ਹਾਲਾਂਕਿ ਟੀਮ ਦੇ ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਦੀ ਇਹ ਮਹਿਲ ਨੁਮਾ ਗੁਫ਼ਾ ਸਾਹਮਣੇ ਆਈ ਹੈ ਉਸ ਮੁਤਾਬਕ ਇਸ ਵਿਚ ਕਾਫ਼ੀ ਕੁੱਝ ਸਮਾਨ ਸੌਦਾ ਸਾਧ ਦੇ ਜੇਲ ਜਾਣ ਤੋਂ ਬਾਅਦ ਬਦਲਿਆ ਗਿਆ ਹੈ। ਸੂਤਰਾਂ ਅਨੁਸਾਰ ਇਥੇ ਬਰਾਮਦ ਭਾਂਡਿਆਂ ਦੇ ਸੈਟ ਵੀ ਦੇਸ਼ ਦੇ ਚੰਦ ਅਮੀਰਾਂ ਵਲੋਂ ਵਰਤੇ ਜਾਣ ਵਾਲੇ ਸ਼੍ਰੇਣੀ ਦੇ ਮਿਲੇ ਹਨ। ਸੂਤਰਾਂ ਮੁਤਾਬਕ ਬੇਸ਼ੱਕ ਗੁਫ਼ਾ ਅੰਦਰ ਬਣੀ ਬੇਸਮੇਟ ਦਾ ਰਹੱਸ ਅੱਜ ਖੁੱਲ੍ਹਣਾ ਹੈ ਪ੍ਰੰਤੂ 13 ਏਕੜ 'ਚ ਵਸਿਆ ਸੌਦਾ ਸਾਧ ਦਾ ਇਹ 'ਤੇਰਾਵਾਸ' ਦੇ ਰਹੱਸ ਜਾਣਨ ਲਈ ਮਹੀਨਿਆਂ ਦੀ ਮਿਹਨਤ ਵੀ ਕਾਫ਼ੀ ਘੱਟ ਹੈ।