ਲੰਗਾਹ ਦੀ ਆਤਮ ਸਮਰਪਣ ਦੀ ਅਰਜ਼ੀ ਰੱਦ

ਖ਼ਬਰਾਂ, ਪੰਜਾਬ

ਚੰਡੀਗੜ੍ਹ, 2 ਅਕਤੂਬਰ (ਨੀਲ ਭਲਿੰਦਰ ਸਿੰਘ): ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ ਵਿਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਆਤਮ ਸਮਰਪਣ ਹਿਤ ਪਹੁੰਚ ਕੀਤੀ। ਗਾਂਧੀ ਜੈਅੰਤੀ ਦੀ ਛੁੱਟੀ ਹੋਣ ਕਾਰਨ ਅਦਾਲਤ ਬੰਦ ਸੀ। ਲੰਗਾਹ ਅਪਣੇ ਵਕੀਲ ਨਾਲ ਸੈਕਟਰ 43 ਸਥਿਤ ਅਦਾਲਤ ਕੰਪਲੈਕਸ ਪੁਜਾ ਅਤੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਆਤਮ ਸਮਰਪਣ ਕਰਨ ਦੀ ਅਰਜ਼ੀ ਲਗਾਈ ਪਰ ਅਦਾਲਤ ਨੇ ਲੰਗਾਹ ਦੀ ਅਪੀਲ ਨੂੰ ਰੱਦ ਕਰ ਦਿਤਾ ।

ਸਿਵਲ ਜੱਜ (ਜੂਨੀਅਰ ਡਵੀਜ਼ਨ) ਹਿਰਦੇਜੀਤ ਸਿੰਘ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਉਸ ਦੇ ਆਤਮ ਸਮਰਪਣ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ, ਉਸ ਨੂੰ ਗੁਰਦਾਸਪੁਰ ਵਿਚ ਹੀ ਆਤਮ ਸਮਰਪਣ ਕਰਨਾ ਹੋਵੇਗਾ ਜਿਸ ਮਗਰੋਂ ਲੰਗਾਹ ਕਿਸੇ ਅਣਦੱਸੀ
ਥਾਂ ਵਲ ਰਵਾਨਾ ਹੋ ਗਏ। ਲੰਗਾਹ ਵਿਰੁਧ 28 ਸਤੰਬਰ ਨੂੰ ਬਲਾਤਕਾਰ ਅਤੇ ਹੋਰਨਾਂ ਦੋਸ਼ਾਂ ਤਹਿਤ ਸ਼ਿਕਾਇਤ ਮਿਲੀ ਸੀ ਜਿਸ ਮਗਰੋਂ ਗੁਰਦਾਸਪੁਰ ਪੁਲਿਸ ਨੇ ਉਸ ਵਿਰੁਧ ਮਾਮਲਾ ਦਰਜ ਕਰ ਲਿਆ ਸੀ।

 ਦਸਣਯੋਗ ਹੈ ਕਿ ਪਿਛਲੇ ਦੋ ਤਿੰਨ ਦਿਨਾਂ ਦੌਰਾਨ ਪੰਜਾਬ ਪੁਲਿਸ ਨੇ ਲੰਗਾਹ ਦੇ ਵੱਖ-ਵੱਖ ਟਿਕਾਣਿਆਂ ਉਤੇ ਛਾਪੇ ਮਾਰੇ ਪਰ ਉਸ ਦਾ ਕੁੱਝ ਪਤਾ ਨਹੀਂ ਲਗਿਆ । ਲੰਗਾਹ ਨੇ ਕਿਹਾ ਕਿ ਉਸ ਨੇ ਪੰਜਾਬ ਪੁਲਿਸ ਸਾਹਮਣੇ ਆਤਮ ਸਮਰਪਣ ਇਸ ਲਈ ਨਹੀਂ ਕੀਤਾ ਕਿਉਂਕਿ ਪੰਜਾਬ ਪੁਲਿਸ ਪਹਿਲਾਂ ਤਿੰਨ ਦਿਨ ਗ੍ਰਿਫ਼ਤਾਰੀ ਨਹੀਂ ਵਿਖਾਉਂਦੀ ਅਤੇ ਥਰਡ ਡਿਗਰੀ ਟਾਰਚਰ ਕਰਦੀ ਹੈ । ਇਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਚਰਚਿਤ ਹੋ ਰਹੀ ਅਸ਼ਲੀਲ ਵੀਡੀਉ 'ਤੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਇਸ ਵੀਡੀਉ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ । ਪੁਲਿਸ ਉਸ ਨੂੰ ਝੂਠਾ ਫਸਾ ਰਹੀ ਹੈ, ਉਹ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਜਾਣਗੇ। 

ਦਸਣਯੋਗ ਹੈ ਕਿ ਲੰਗਾਹ 1997 ਤੋਂ ਲੈ ਕੇ 2002 ਤਕ ਅਕਾਲੀ- ਭਾਜਪਾ ਸਰਕਾਰ ਵਿਚ ਮੰਤਰੀ ਰਹੇ। ਇੰਨੀਂ ਦਿਨੀਂ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਚੋਣ ਪ੍ਰਚਾਰ ਜ਼ੋਰਾਂ ਉਤੇ ਹੋਣ ਸਦਕਾ ਲੰਗਾਹ ਵਿਰੁਧ ਇਹ ਸੰਗੀਨ ਦੋਸ਼ਾਂ ਵਾਲਾਂ ਕੇਸ ਅਕਾਲੀ-ਭਾਜਪਾ ਗਠਜੋੜ ਲਈ ਵੱਡੀ ਸਿਰਦਰਦੀ ਸਾਬਤ ਹੋ ਰਿਹਾ ਹੈ। ਦੂਜੇ ਪਾਸੇ ਇਕ ਗੁਰਸਿੱਖ ਦੀ ਬੇਹੱਦ ਇਤਰਜ਼ਯੋਗ ਵੀਡੀਉ ਅੱਗ ਵਾਂਗੂ ਫੈਲ ਚੁਕੀ ਹੋਣ ਕਾਰਨ ਸਿੱਖ ਸਫ਼ਾਂ ਵਿਚ ਵੀ ਨਮੋਸ਼ੀ ਪਾਈ ਜਾ ਰਹੀ ਹੈ।

ਗ਼ੈਰ ਜ਼ਮਾਨਤੀ ਧਾਰਾ ਤਹਿਤ ਪੰਜਾਬ ਪੁਲਿਸ ਨੂੰ ਲੋੜੀਂਦਾ ਸੁੱਚਾ ਸਿੰਘ ਲੰਗਾਹ ਅੱਜ ਬੜੇ ਆਰਾਮ ਨਾਲ ਚੰਡੀਗੜ੍ਹ ਦੇ ਸੈਕਟਰ 43 ਸਥਿਤ ਕੋਰਟ ਕੰਪਲੈਕਸ ਆਇਆ ਤੇ ਤੁਰਦਾ ਬਣਿਆ। ਗੁਰਦਾਸਪੁਰ ਪੁਲਿਸ ਨੂੰ ਲੋੜੀਂਦਾ ਸੁੱਚਾ ਸਿੰਘ ਲੰਗਾਹ ਕਰੀਬ ਇਕ ਘੰਟੇ ਤੋਂ ਵੱਧ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਮੌਜੂਦ ਰਿਹਾ ਪਰ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਹਾਈਪ੍ਰੋਫ਼ਾਈਲ ਲੋੜੀਂਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਗੁਰਦਾਸਪੁਰ ਪੁਲਿਸ ਲਗਾਤਾਰ ਲੰਗਾਹ ਦੇ ਟਿਕਾਣਿਆਂ 'ਤੇ ਛਾਪੇਮਾਰੀ ਦੇ ਦਾਅਵੇ ਕਰ ਰਹੀ ਹੈ। ਉਧਰ ਲੋੜੀਂਦਾ ਮੁਲਜ਼ਮ ਰਾਜ ਦੀ ਹੀ ਰਾਜਧਾਨੀ ਵਿਚ ਜਾ ਕੇ ਆਤਮ ਸਮਰਪਣ ਲਈ ਅਦਾਲਤ ਵਿਚ ਪੇਸ਼ ਹੋ ਜਾਂਦਾ ਹੈ। ਇਹ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰਦਾ ਹੈ ਕਿਉਂਕਿ ਧਾਰਾ 376 ਇਕ ਗ਼ੈਰ ਜ਼ਮਾਨਤਯੋਗ ਧਾਰਾ ਹੈ ਅਤੇ ਇਸ ਲਈ ਪੁਲਿਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ।