ਗੁਰਦਾਸਪੁਰ, 13 ਅਕਤੂਬਰ (ਹੇਮੰਤ ਨੰਦਾ) : ਬਲਾਤਕਾਰ, ਧੋਖਾਧੜੀ ਅਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਆਦਿ ਕੇਸ ਵਿਚ ਫਸੇ ਅਕਾਲੀ ਦਲ ਦੇ ਸਾਬਕਾ ਜ਼ਿਲਾ ਪ੍ਰਧਾਨ, ਸਾਬਕਾ ਮੰਤਰੀ ਅਤੇ ਸਾਬਕਾ ਐਸ.ਜੀ.ਪੀ.ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਸੀ.ਜੇ.ਐਮ. ਮੋਹਿਤ ਬਾਂਸਲ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ ਹੈ । ਜ਼ਿਕਰਯੋਗ ਹੈ ਕਿ ਲੰਗਾਹ ਨੇ ਇਕ ਔਰਤ ਦੇ ਨਾਲ ਬਲਾਤਕਾਰ ਦੇ ਮਾਮਲੇ ਵਿਚ ਅਪਣੇ ਆਪ ਨੂੰ ਡਿਊਟੀ ਮੈਜਿਸਟਰੇਟ ਸਾਹਮਣੇ 4 ਅਕਤੂਬਰ ਨੂੰ ਆਤਮ ਸਰਮਪਣ ਕੀਤਾ ਸੀ,
ਜਿਸ ਤੋਂ ਬਾਅਦ ਅਦਾਲਤ ਨੇ ਲੰਗਾਹ ਨੂੰ 9 ਅਕਤੂਬਰ ਤਕ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਸੀ। ਇਸ ਉਪਰੰਤ ਪੁਲਿਸ ਨੂੰ ਦੋ ਵਾਰ ਇਕ ਦਿਨ ਅਤੇ ਬਾਅਦ ਵਿਚ ਤਿੰਨ ਦਿਨ ਤਕ ਦਾ ਹੋਰ ਰਿਮਾਂਡ ਮਿਲਿਆ ਸੀ। ਅੱਜ ਸੀ.ਜੇ.ਐਮ. ਮੋਹਿਤ ਬਾਂਸਲ ਦੀ ਅਦਾਲਤ ਨੇ 27 ਅਕਤੂਬਰ ਤਕ ਸੁੱਚਾ ਸਿੰਘ ਲੰਗਾਹ ਨੂੰ ਕਾਨੂੰਨੀ ਰਿਹਾਸਤ ਵਿਚ ਭੇਜ ਦਿਤਾ ਹੈ। ਪੁਲਿਸ ਨੇ ਲੰਗਾਹ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਨੂੰ ਛੱਡ ਕਿਸੇ ਹੋਰ ਜਗ੍ਹਾ ਭੇਜਣ ਦੀ ਮੰਗ ਕੀਤੀ, ਜਿਸ ਉਪਰੰਤ ਲੰਗਾਹ ਨੂੰ ਕਪੂਰਥਲਾ ਦੀ ਜੇਲ੍ਹ ਵਿਚ ਭੇਜ ਦਿਤਾ ਗਿਆ।